ਗੁਰਦਾਸਪੁਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ "ਵਿਰਸਾ ਉਤਸਵ" ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕਰਵਾਇਆ ਗਿਆ ਵਿਰਸਾ ਉਤਸਵ ਇਕ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਅਮਿੱਟ ਛਾਪ ਛੱਡ ਗਿਆ ਹੈ।
ਇਸ ਦੌਰਾਨ ਕੁਲਦੀਪ ਧਾਲੀਵਾਲ ਮੀਡੀਆ ਦੇ ਮੁਖਾਬਿਤ ਵੀ ਹੋਏ। ਇਸ ਮੌਕੇ ਪੱਤਰਕਾਰ ਵੱਲੋਂ ਧਾਲੀਵਾਲ ਨੂੰ ਅਫੀਮ ਦੀ ਖੇਤੀ ਬਾਰੇ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਗਿਆ ਤਾਂ ਮੰਤਰੀ ਸਾਬ੍ਹ ਇਸ ਬਿਆਨ ਤੋਂ ਯੂ ਟਰਨ ਲੈਂਦੇ ਹੋਏ ਨਜ਼ਰ ਆਏ। ਦਰਅਸਲ ਮੰਤਰੀ ਨੇ ਅਫੀਮ ਦੀ ਖੇਤੀ ਸਬੰਧੀ ਬਿਆਨ ਦਿੰਦਿਆਂ ਕਿਹਾ ਸੀ ਕਿ, "ਜੇ ਅਫੀਮ ਦੀ ਖੇਤੀ ਨਾਲ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ ਤਾਂ ਸਰਕਾਰ ਇਸ ਬਾਰੇ ਸੋਚ ਸਕਦੀ ਹੈ"।
ਇਹ ਵੀ ਪੜ੍ਹੋ : Bandi Singh on Parole: ਗੁਰਦੀਪ ਸਿੰਘ ਖੇੜਾ ਨੇ ਕੌਮੀ ਮੋਰਚੇ 'ਤੇ ਚੁੱਕੇ ਸਵਾਲ, ਕਿਹਾ 'ਧਰਮ ਦੇ ਨਾਮ 'ਤੇ ਰਿਹਾਈ ਦੀ ਨਾ ਹੋਵੇ ਮੰਗ'
'ਮੈਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ' : ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਜੇਕਰ ਤੁਹਾਡੇ ਕੋਲ ਇੱਕ ਅਜਿਹੀ ਕੋਈ ਰਿਕਾਰਡਿੰਗ ਹੈ ਤਾਂ ਮੈਨੂੰ ਵੀ ਦਿਖਾਓ। ਕੈਬਨਿਟ ਮੰਤਰੀ ਧਾਲੀਵਾਲ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਰਸਾ ਪ੍ਰੋਗਰਾਮਾਂ ਨੂੰ ਪੈਸੇ ਅਤੇ ਸਮੇਂ ਦੀ ਬਰਬਾਦੀ ਕਹਿਣ ਉਤੇ ਕਿਹਾ ਕਿ ਆਪਣੀ ਸਰਕਾਰ ਵੇਲੇ ਉਨ੍ਹਾਂ ਨੇ ਅਜਿਹੇ ਕਿੰਨੇ ਮੇਲੇ ਅਤੇ ਪ੍ਰੋਗਰਾਮ ਕਰਵਾਏ ਹਨ। ਹੈਰੀਟੇਜ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਕੋਈ ਫਜ਼ੂਲ ਖ਼ਰਚੀ ਨਹੀਂ ਹੈ ਬਲਕਿ ਅਜਿਹੇ ਪ੍ਰੋਗਰਾਮ ਸਾਨੂੰ ਸਾਡੇ ਵਿਰਸੇ ਨਾਲ ਜੋੜਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਪੁਰਾਣੇ ਸੱਭਿਆਚਾਰ ਦੀ ਜਾਣਕਾਰੀ ਦਿੰਦੇ ਹਨ। ਉਥੇ ਹੀ ਬੰਦੀ ਸਿੰਘਾਂ ਬਾਰੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿਚ ਹੈ।