ਗੁਰਦਾਸਪੁਰ : ਪੰਜਾਬ ਸਰਕਾਰ ਨੇ ਖੇਡਾਂ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਕਰ ਖਿਡਾਰੀਆਂ ਵਿੱਚ ਜੋਸ਼ ਭਰ ਦਿੱਤਾ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਨਸ਼ੇ ਦੇ ਕੌਹੜ ਨੂੰ ਛੱਡ ਖੇਡਾਂ ਵੱਲ ਧਿਆਨ ਦੇ ਕੇ ਆਪਣਾ ਚੰਗਾ ਭਵਿੱਖ ਬਣਾ ਸਕਣ।
ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਅਤੇ ਜੂਡੋ ਖਿਡਾਰੀ ਸਾਹਿਲ ਪਠਾਣੀਆਂ ਨੂੰ ਵੀ ਜੂਡੋ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨ ਕੀਤਾ ਗਿਆ ਹੈ ਐਵਾਰਡ ਮਿਲਣ ਤੋਂ ਬਾਅਦ ਗੁਰਦਾਸਪੁਰ ਦੇ ਜੂਡੋ ਸੈਂਟਰ ਪਹੁੰਚਣ 'ਤੇ ਜੂਨੀਅਰ ਖਿਡਾਰੀਆਂ ਅਤੇ ਕੋਚ ਅਮਰਜੀਤ ਸ਼ਾਸਤਰੀ ਵਲੋਂ ਸਾਹਿਲ ਪਠਾਣੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ 'ਤੇ ਜੂਡੋ ਖਿਡਾਰੀ ਸਾਹਿਲ ਪਠਾਣੀਆਂ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹਨ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਜੂਡੋ ਖੇਡ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਹੈ ਇਹ ਉਹਨਾਂ ਲਈ ਬਹੁਤ ਵੱਡਾ ਐਵਾਰਡ ਹੈ ਅਤੇ ਉਹਨਾਂ ਕਿਹਾ ਕਿ ਇਹ ਐਵਾਰਡ ਕੋਚ ਸਹਿਬਾਨਾਂ ਵਲੋਂ ਕਰਵਾਈ ਗਈ ਮਿਹਨਤ ਦਾ ਨਤੀਜਾ ਹੈ ਜਿਸ ਕਰਕੇ ਅੱਜ ਉਹਨਾਂ ਨੂੰ ਇਹ ਐਵਾਰਡ ਮਿਲਿਆ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਛੱਡ ਖੇਡਾਂ ਵੱਲ ਧਿਆਨ ਦੇਣ ਅਤੇ ਆਪਣੇ ਦੇਸ਼ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ।
ਜੂਡੋ ਕੋਚ ਅਮਰਜੀਤ ਸਿੰਘ ਸ਼ਾਸਤਰੀ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਵਲੋਂ ਚਲਾਏ ਜਾ ਰਹੇ ਜੂਡੋ ਸੈਂਟਰ ਦੇ ਖਿਡਾਰੀ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਨਿਵਾਜਿਆ ਹੈ ਇਸ ਨਾਲ ਖਿਡਾਰੀਆਂ ਵਿੱਚ ਜੋਸ਼ ਵਧੇਗਾ ਅਤੇ ਖਿਡਾਰੀ ਹੋਰ ਮਿਹਨਤ ਕਰਣਗੇ।