ਗੁਰਦਾਸਪੁਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਹਿੰਦੇ ਪੰਜਾਬ, ਨਨਕਾਣਾ ਸਾਹਿਬ, ਪਾਕਿਸਤਾਨ ਤੋਂ ਸਜਿਆ ਕੌਮਾਂਤਰੀ ਨਗਰ ਕੀਰਤਨ ਚੱਲ ਕੇ ਅੰਮ੍ਰਿਤਸਰ ਤੋਂ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਪਹੁੰਚਿਆ। ਇਸ ਦੌਰਾਨ ਸੰਗਤਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪੂਰੀਆਂ ਤਿਆਰੀਆਂ ਨਾਲ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਹਨ। 1 ਅਗਸਤ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਤੀਜੇ ਦਿਨ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਧਾਰਾ 35ਏ: ਘਾਟੀ ਦੇ ਰਾਜਪਾਲ ਨੇ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਦੀ ਦਿੱਤੀ ਸਲਾਹ
ਹੁਣ ਡੇਰਾ ਬਾਬਾ ਨਾਨਕ ਤੋਂ ਇਹ ਕੌਮਾਂਤਰੀ ਨਗਰ ਕੀਰਤਨ ਕੋਟਲੀ ਸੂਰਤਮੱਲੀ, ਬਟਾਲਾ, ਨੌਸ਼ਿਹਰਾ ਮੱਝਾ ਸਿੰਘ, ਧਾਰੀਵਾਲ, ਗੁਰਦਾਸਪੁਰ ਸ਼ਹਿਰ, ਦੀਨਾਨਗਰ ਹੁੰਦਾ ਹੋਇਆ ਸ਼ਨੀਵਾਰ ਰਾਤ ਦਾ ਵਿਸ਼ਰਾਮ ਪਠਾਨਕੋਟ (ਸ੍ਰੀ ਬਾਰਠ ਸਾਹਿਬ) ਵਿਖੇ ਕਰੇਗਾ। ਇਸ ਨਗਰ ਕੀਰਤਨ ਦੇ ਸਵਾਗਤ ਨੂੰ ਲੈ ਕੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਦੱਸਣਯੋਗ ਹੈ ਕਿ ਨਗਰ ਕੀਰਤਨ ਨਾਲ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ, ਬਸਤਰਾਂ ਵਾਲੀ ਬੱਸ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਦੌਰਾਨ ਗਤਕਾ ਪਾਰਟੀਆਂ ਸਿੱਖ ਸ਼ਸਤਰ ਕਲਾ ਦੇ ਜੌਹਰ ਵਿਖਾਉਂਦੀਆਂ ਨਜ਼ਰ ਆਈਆਂ। ਬੈਂਡ ਦੀਆਂ ਧੁੰਨਾਂ ਮਾਹੌਲ ਨੂੰ ਖ਼ੂਬਸੂਰਤ ਬਣਾ ਰਹੀਆਂ ਸਨ ਅਤੇ ਸਕੂਲਾਂ ਦੇ ਬੱਚਿਆਂ ਵੱਲੋਂ ਕੀਤੀ ਗਈ ਸ਼ਮੂਲੀਅਤ ਵੀ ਖਿੱਚ ਦਾ ਕੇਂਦਰ ਰਹੀ।
ਇਸ ਮੌਕੇ ਉੱਤੇ ਸੁਖਵਿੰਦਰ ਸਿੰਘ ਅਗਵਾਨ ਨੇ ਕਿਹਾ ਕਿ ਸੰਗਤ ਵਿੱਚ ਇਸ ਇਤਿਹਾਸਿਕ ਨਗਰ ਕੀਰਤਨ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਕਿਉਂਕਿ ਇਹ ਨਗਰ ਕੀਰਤਨ ਪਾਕਿਸਤਾਨ ਵੱਲੋਂ ਚੱਲ ਕੇ ਆਇਆ ਹੈ। ਇਸ ਲਈ ਸੰਗਤਾਂ ਪਿਛਲੇ ਲੰਮੇ ਸਮੇਂ ਤੋਂ ਗੁਰੂ ਚਰਣਾਂ ਵਿੱਚ ਅਰਦਾਸ ਕਰ ਰਹੀਆਂ ਸਨ।
ਇਹ ਵੀ ਪੜ੍ਹੋ: ਪੰਜਾਬ ਵੀ ਅੱਤਵਾਦ ਦੇ ਨਿਸ਼ਾਨੇ 'ਤੇ ਹਾਈ ਅਲਰਟ ਜਾਰੀ, ਇੱਕ ਕਾਬੂ