ਗੁਰਦਾਸਪੁਰ : ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਤੇ ਧਰਨਾ ਦੇ ਰਹੀਆਂ ਹਨ। ਕਿਸਾਨਾਂ ਨੇ 24 ਤੋਂ 29 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਇਸੇ ਕੜੀ 'ਚ ਗੁਰਦਾਸਪੁਰ ਵਿੱਚ ਕਿਸਾਨਾਂ ਤੇ ਸਿਆਸੀ ਪਾਰਟੀਆਂ ਨੇ ਵੱਖ-ਵੱਖ ਥਾਵਾਂ 'ਤੇ ਧਰਨਾ ਲਾਇਆ ਹੈ।
ਕਿਸਾਨਾਂ ਦੇ ਹੱਕ 'ਚ ਨਿੱਤਰਿਆਂ ਵੱਖ-ਵੱਖ ਜੱਥੇਬੰਦੀਆਂ
ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਜੱਥੇਬੰਦੀਆਂ, ਆੜਤੀਆਂ, ਵਿਦਿਆਰਥੀਆਂ ਤੇ ਆਂਗਨਵਾੜੀ ਵਰਕਰਾਂ ਸਣੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸ਼ਹਿਰ ਦੀਆਂ ਕਈ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕੀਤੇ ਗਏ। ਮਾਝਾ ਕਿਸਾਨ ਸੰਘਰਸ਼ ਕਮੇਟੀ ਅਤੇ ਆੜਤੀ ਯੂਨੀਅਨ ਵਲੋਂ ਬਟਾਲਾ ਦੇ ਬਜ਼ਾਰ 'ਚ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਤੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਕਿਸਾਨ ਵਿਰੋਧੀ ਹਨ। ਇਨ੍ਹਾਂ ਖੇਤੀ ਬਿੱਲਾਂ ਨਾਲ ਮਹਿਜ਼ ਕਿਸਾਨ ਹੀ ਨਹੀਂ ਸਗੋਂ ਆੜਤੀ, ਦਿਹਾੜੀਦਾਰ, ਮਜ਼ਦੂਰ ਤੇ ਵਪਾਰੀ ਵਰਗ ਵੀ ਜੁੜੇ ਹੋਏ ਹਨ। ਉਨ੍ਹਾਂ ਇਸ ਨੂੰ ਕਿਸਾਨਾਂ ਦੀ ਜ਼ਮੀਨ 'ਤੇ ਜਬਰਨ ਕਬਜ਼ਾ ਕਰਨ ਦੀ ਸਾਜਿਸ਼ ਤੇ ਕਿਸਾਨਾਂ 'ਤੇ ਇਹ ਕਾਨੂੰਨ ਥੋਪੇ ਜਾਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਖੁਸ਼ਹਾਲ ਰਹੇਗਾ ਤਾਂ ਹੀ ਦੇਸ਼ ਖੁਸ਼ਹਾਲ ਰਹਿ ਸਕੇਗਾ। ਕਿਉਂਕਿ ਪੂਰਾ ਦੇਸ਼ ਅੰਨਦਾਤਾ 'ਤੇ ਨਿਰਭਰ ਕਰਦਾ ਹੈ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਕਿਸਾਨਾਂ ਦੇ ਹੱਕ 'ਚ ਸਿਆਸੀ ਪਾਰਟੀਆਂ ਦਾ ਰੋਸ ਪ੍ਰਦਰਸ਼ਨ
ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦਾਸਪੁਰ ਵਿਖੇ ਕਿਸਾਨਾਂ ਦੇ ਹੱਕ 'ਚ ਖੇਤੀ ਆਰਡੀਨੈਂਸਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਤੋਂ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਇਸ ਰੋਸ ਪ੍ਰਦਰਸ਼ ਦੀ ਅਗਵਾਈ ਕੀਤੀ। ਇਸ ਦੌਰਾਨ ਅਕਾਲੀ ਦਲ ਵੱਲੋਂ ਗੁਰਦਾਸਪੁਰ ਤੇ ਜੰਮੂ ਕਸ਼ਮੀਰ ਹਾਈਵੇ ਜਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬਿਨਾਂ ਬਹੁਮਤ ਤੋਂ ਇਹ ਖੇਤੀ ਬਿੱਲ ਪਾਸ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਰੋਸ ਵੇਖਦੇ ਹੋਏ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਤਾਨਾਸ਼ਾਹੀ ਪੰਜਾਬ 'ਚ ਕਿਸੇ ਤਰ੍ਹਾਂ ਵੀ ਨਹੀਂ ਚੱਲ ਸਕਦੀ ਹੈ।
ਲੋਕ ਇਨਸਾਫ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਗਿਆਨੀ ਦਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਇਨਸਾਫ ਪਾਰਟੀ ਕਿਸਾਨਾਂ ਦੇ ਹੱਕ 'ਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਕਿਸਾਨਾਂ ਦੇ ਹੱਕ 'ਚ ਲੋਕ ਇਨਸਾਫ ਪਾਰਟੀ ਵੱਲੋਂ ਪੰਜਾਬ ਭਰ 'ਚ ਚੱਕਾ ਜਾਮ ਕੀਤਾ ਗਿਆ ਹੈ ਅਤੇ ਵੱਖ-ਵੱਖ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਕੈਬਿਨੇਟ 'ਚ ਖੇਤੀ ਆਰਡੀਨੈਂਸ ਸਬੰਧੀ ਬਿੱਲ ਪਾਸ ਹੋਣ 'ਤੇ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਵਜ਼ਾਰਤ ਛੱਡਣਾ ਮਹਿਜ਼ ਸਿਆਸੀ ਸਟੰਟ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿੱਖਾਂ ਦੇ ਇਤਿਹਾਸ ਤੋਂ ਅਣਜਾਣ ਹੈ। ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਲੜਨਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਹਰ ਹਾਲ 'ਚ ਇਹ ਖੇਤੀ ਬਿੱਲ ਵਾਪਸ ਲੈਣੇ ਪੈਣਗੇ ਅਤੇ ਲੋਕ ਇਸਨਸਾਫ ਪਾਰਟੀ ਵੱਲੋਂ ਪੂਰੇ ਪੰਜਾਬ 'ਚ ਖੇਤੀ ਆਰਡੀਨੈਂਸਾਂ ਦੇ ਖਿਲਾਫ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।