ਗੁਰਦਾਸਪੁਰ: ਜ਼ਿਲ੍ਹੇ ਅੰਦਰ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਸਥਾਨਕ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਵਾਂ ਅਤੇ ਇੰਟਰਵਿਊ ਦੀ ਮੁਫ਼ਤ ਤਿਆਰੀ ਕਰਵਾਉਣ ਲਈ 25 ਫਰਵਰੀ ਨੂੰ 'ਮਿਸ਼ਨ ਫ਼ਤਿਹ' ਦੀ ਸ਼ੁਰੂਆਤ ਕੀਤੀ ਗਈ ਸੀ।
ਫੂਡ ਸੇਫ਼ਟੀ ਅਫ਼ਸਰ ਦੀ ਹੋਈ ਪ੍ਰੀਖਿਆ ਵਿੱਚ ਪੰਜ ਗਰਾਈਆਂ ਦੇ ਵਾਸੀ ਗੁਰਜੰਟ ਸਿੰਘ ਨੇ ਸਫਲਤਾ ਹਾਸਿਲ ਕੀਤੀ ਹੈ। ਡਿਪਟੀ ਕਮਿਸ਼ਨਰ ਵੱਲੋਂ ਗੁਰਜੰਟ ਸਿੰਘ ਨੂੰ ਪ੍ਰੀਖਿਆ ਪਾਸ ਕਰਨ ਲਈ ਵਿਸ਼ੇਸ਼ ਤੋਰ 'ਤੇ ਸਨਮਾਨਿਤ ਕੀਤਾ ਗਿਆ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਗੁਰਜੰਟ ਸਿੰਘ ਤੇ ਉਸ ਦੇ ਪਰਿਵਾਰ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ 'ਮਿਸ਼ਨ ਫ਼ਤਿਹ' ਤਹਿਤ ਕਰਵਾਈ ਗਈ ਮਿਹਨਤ ਰੰਗ ਲਿਆਈ ਹੈ। ਇਸ ਮਿਹਨਤ ਲਈ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਵੀ ਵਧਾਈ ਦੇ ਹੱਕਦਾਰ ਹਨ। ਜਿਨ੍ਹਾਂ ਨੇ 'ਮਿਸ਼ਨ ਫ਼ਤਿਹ' ਨੂੰ ਸਫਲ ਬਣਾਉਣ ਵਿੱਚ ਪੂਰੀ ਮਿਹਨਤ ਕੀਤੀ। ਉਨ੍ਹਾਂ ਦੱਸਿਆ ਕਿ 'ਮਿਸ਼ਨ ਫ਼ਤਿਹ' ਤਹਿਤ ਫੂਡ ਸੇਫ਼ਟੀ ਅਫ਼ਸਰਾਂ ਦੀ ਅਸਾਮੀ ਲਈ ਬਿਨੈਪੱਤਰ ਦੀ ਤਿਆਰੀ ਲਈ ਕਰੀਬ 35 ਪ੍ਰਾਰਥੀਆਂ ਵੱਲੋਂ ਕੋਚਿੰਗ ਲਈ ਗਈ ਸੀ। ਇਨ੍ਹਾਂ ਵਿੱਚ ਗੁਰਜੰਟ ਸਿੰਘ ਵਾਸੀ ਪਿੰਡ ਪੰਜ ਗਰਾਈਆਂ ਨੇ ਫੂਡ ਸੇਫ਼ਟੀ ਅਫ਼ਸਰ ਦੀ ਭਰਤੀ ਸਬੰਧੀ ਹੋਈ ਪ੍ਰੀਖਿਆ ਵਿੱਚ ਸਫਲਤਾ ਹਾਸਿਲ ਕੀਤੀ ਹੈ। ਗੁਰਜੰਟ ਸਿੰਘ ਨੇ ਆਰਥਿਕ ਤੋਰ 'ਤੇ ਪਿਛੜੇ ਵਰਗ ਵਿਚੋਂ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਮਿਸ਼ਨ ਫ਼ਤਿਹ' ਤਹਿਤ ਅਗਲੇ ਦਿਨਾਂ ਵਿੱਚ ਨਿਕਲਣ ਵਾਲੀਆਂ ਅਸਾਮੀਆਂ, ਜਿਵੇਂ ਕਿ 550 ਡਰਾਫਟਸਮੈਨ, 330 ਜੂਨੀਅਰ ਇੰਜੀਨੀਅਰਿੰਗ ਅਤੇ ਮਨਿਸਟਰੀਅਲ ਸਟਾਫ਼ ਲਈ ਵੀ ਮੁਫ਼ਤ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਗੁਰਜੰਟ ਸਿੰਘ ਨੇ ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਮਿਸ਼ਨ ਫ਼ਤਿਹ' ਤਹਿਤ ਵੱਖ-ਵੱਖ ਵਿਸ਼ਿਆਂ ਵਿੱਚ ਮਾਹਿਰ ਅਧਿਆਪਕਾਂ ਵੱਲੋਂ ਬਹੁਤ ਮਿਹਨਤ ਨਾਲ ਪ੍ਰੀਖਿਆ ਦੀ ਤਿਆਰੀ ਕਰਵਾਈ ਗਈ, ਜਿਸ ਨਾਲ ਉਹ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋਇਆ ਹੈ। ਗੁਰਜੰਟ ਸਿੰਘ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਰੁਜ਼ਗਾਰ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਮਿਸ਼ਨ ਤਹਿਤ ਦਿੱਤੀ ਜਾਂਦੀ ਮੁਫ਼ਤ ਕੋਚਿੰਗ ਜ਼ਰੂਰ ਲੈਣ ਤੇ ਆਪਣੇ ਸੁਪਨੇ ਸਾਕਾਰ ਕਰਨ।