ਗੁਰਦਾਸਪੁਰ: ਬਟਾਲਾ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 533ਵਾਂ ਵਿਆਹ ਪੁਰਬ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਬੇਸ਼ੱਕ ਨਗਰ ਕੀਰਤਨ ਸਜਾਉਣ ਤੇ ਵੱਡੇ ਧਾਰਮਿਕ ਸਮਾਗਮ ਕਰਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ।
ਦੱਸ ਦਈਏ, ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਗੁਰਤਿੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ 2 ਦਿਨ ਪਹਿਲਾਂ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ ਸਨ ਤੇ ਜਿਨ੍ਹਾਂ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਤੇ ਸੰਗਤ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਜੋੜਿਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਹਰ ਧਰਮ ਦੇ ਲੋਕ ਮਨਾਉਂਦੇ ਹਨ। ਇਸ ਮੌਕੇ ਹਰ ਧਰਮ ਦੇ ਲੋਕ ਲੰਗਰ ਲਾਉਂਦੇ ਸਨ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਸਭ ਕੁੱਝ ਫਿੱਕਾ ਪੈ ਗਿਆ ਹੈ।
ਗੁਰਦੁਆਰਾ ਸ੍ਰੀ ਕੰਧ ਸਾਹਿਬ 'ਚ ਨਤਮਸਤਕ ਹੋਣ ਪਹੁੰਚੀ ਸੰਗਤ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਅਤੇ ਅੱਜ ਵਿਆਹ ਪੁਰਬ ਦੇ ਦਿਨ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਆਏ ਹਨ। ਉਹ ਅਰਦਾਸ ਕਰਦੇ ਹਨ ਕਿ ਇਹ ਕੋਰੋਨਾ ਮਹਾਂਮਾਰੀ ਖ਼ਤਮ ਹੋਵੇ ਅਤੇ ਪੂਰੀ ਦੁਨੀਆਂ ਇਸ ਤੋਂ ਬਚ ਸਕੇ।