ਗੁਰਦਾਸਪੁਰ: ਅਕਸਰ ਹੀ ਚੋਰੀ ਦੇ ਵੱਖ ਵੱਖ ਤਰਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕੁਝ ਤਾਂ ਬੇਹੱਦ ਹੈਰਾਨ ਕਰ ਦਿੰਦੇ ਹਨ। ਇਹਨਾਂ ਵਿਚ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਤੋਂ ਜਿਥੇ ਥਾਣਾ ਤਿਬੜ ਦੀ ਪੁਲਿਸ ਨੇ ਚਾਰ ਦਿਨਾਂ ਦੇ ਵਿੱਚ ਇੱਕ ਚੋਰੀ ਦੀ ਵੱਡੀ ਵਾਰਦਾਤ ਨੂੰ ਸੁਲਝਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਚੋਰੀ ਦੇ ਮਾਮਲੇ ਵਿੱਚ ਤਿੰਨ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਚੋਰਾਂ ਵਿਚ ਇਕ ਚੋਰ ਉਹ ਹੈ ਜੋ ਦਿਨ ਦੇ ਸਮੇਂ ਤਹਿਸੀਲ ਕੰਪਲੈਕਸ ਵਿੱਚ ਕੰਪਿਊਟਰ ਆਪਰੇਟਰ ਦੇ ਤੌਰ 'ਤੇ ਵੀ ਕੰਮ ਕਰ ਰਿਹਾ ਹੈ। ਪੁਲਿਸ ਨੇ ਉਸ ਦੇ ਇਕ ਹੋਰ ਸਾਥੀ ਅਤੇ ਓਹਨਾ ਕੋਲੋਂ ਸੋਨੇ ਦੇ ਗਹਿਣੇ ਖਰੀਦਣ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਥਾਣਾ ਤਿਬੜ ਅਧੀਨ ਪੈਂਦੇ ਪੰਡੋਰੀ ਰੋਡ ਤੇ ਸਥਿਤ ਪਿੰਡ ਗੋਹਤ ਪੋਖਰ ਵਿਖੇ ਚੋਰ ਇੱਕ ਘਰ ਦਾ ਤਾਲਾ ਤੋੜ ਕੇ 15 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ, 29 ਤੋਲੇ ਚਾਂਦੀ ਦੇ ਗਹਿਣੇ, 40 ਹਜ਼ਾਰ ਦੀ ਨਗਦੀ ਅਤੇ 300 ਯੂਰੋ ਚੋਰੀ ਕਰਕੇ ਲੈ ਗਏ ਸਨ।
ਇਹ ਵੀ ਪੜ੍ਹੋ : Atiq Ahmad Killed: ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ 'ਤੇ ਵਿਰੋਧੀ ਧਿਰ ਨੇ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ, ਜਾਣੋ ਕਿਸ ਨੇ ਕੀ ਕਿਹਾ?
ਨਸ਼ੇ ਦੀ ਲੋੜ ਪੂਰੀ ਕਰਨ ਲਈ ਕਰਦੇ ਸਨ ਚੋਰੀਆਂ : ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਿਬੜ ਦੀ ਐਸ ਐਚ ਓ ਅਮਨਦੀਪ ਕੌਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਚੋਰੀ ਵਿਨੋਦ ਕੁਮਾਰ ਭੁੰਡੀ ਪੁੱਤਰ ਤੀਰਥ ਰਾਮ ਵਾਸੀ ਕ੍ਰਿਸਨਾ ਨਗਰ ਵਲੋਂ ਕੀਤੀ ਗਈ ਹੈ ਜਦਕਿ ਰਾਜੇਸ਼ਵਰ ਉਰਫ ਵਿਸ਼ਾਲ ਪੁੱਤਰ ਨਰੇਸ਼ ਚੰਦ ਵਾਸੀ ਜੱਟੂਵਾਲ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਿਚ ਵਿਨੋਦ ਉਰਫ ਭੂੰਡੀ ਦਾ ਸਾਥ ਦਿੱਤਾ ਸੀ। ਰਾਜੇਸ਼ਵਰ ਉਰਫ ਵਿਸ਼ਾਲ ਤਹਿਸੀਲ ਕੰਪਲੈਕਸ ਗੁਰਦਾਸਪੁਰ ਵਿਖੇ ਵੀ ਤਾਇਨਾਤ ਹੈ ਅਤੇ ਦੋਵੇਂ ਨੌਜਵਾਨ ਨਸ਼ੇ ਦੇ ਆਦੀ ਹਨ।
ਚੋਰੀ ਦੇ ਸਮਾਨ ਤੋਂ ਲੈਂਦੇ ਸੀ ਗੋਲ੍ਡ ਲੋਨ : ਉਨ੍ਹਾਂ ਦੱਸਿਆ ਕਿ ਦੋਨੋਂ ਨੌਜਵਾਨਾਂ ਨਸ਼ੇ ਦੇ ਆਦੀ ਕਰਨ ਹੋਣ ਕਾਰਨ ਚੋਰੀਆਂ ਕਰਨ ਦੇ ਵੀ ਆਦੀ ਹਨ ਅਤੇ ਇਨਾਂ ਵੱਲੋਂ ਪਹਿਲਾਂ ਵੀ ਕਈ ਚੋਰੀਆਂ ਕੀਤੀਆਂ ਗਈਆਂ ਹਨ। ਇਹਨਾ ਵਿਚੋਂ ਇੱਕ ਵਿਨੋਦ ਕੁਮਾਰ ਉਰਫ ਭੂੰਡੀ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਨ੍ਹਾਂ ਵੱਲੋਂ ਰਕੇਸ਼ ਕੁਮਾਰ ਪੁਤਰ ਜੰਗੀ ਲਾਲ ਵਾਸੀ 327/8 ਮੁਹੱਲਾ ਗੀਤਾ ਭਵਨ ਗੁਰਦਾਸਪੁਰ ਨੂੰ ਚੋਰੀ ਦੇ ਕੁਝ ਗਹਿਣੇ ਵੇਚੇ ਗਏ ਸਨ, ਜਿਨ੍ਹਾਂ ਵਿਚੋਂ ਸੱਤ ਤੋਲੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਗਏ ਹਨ। ਇਨ੍ਹਾਂ ਵੱਲੋਂ ਕੁੱਝ ਗਹਿਣੇ ਗਿਰਵੀ ਰੱਖ ਕੇ ਗੋਲਡ ਲੋਨ ਵੀ ਲਿਆ ਗਿਆ ਸੀ ਇਸ ਤੋਂ ਇਲਾਵਾ ਦੋਨ੍ਹਾਂ ਚੋਰਾਂ ਕੋਲੋਂ ਕੁਝ ਵਿਦੇਸ਼ੀ ਘੜਿਆਂ, 4 ਅਮਰੀਕਨ ਡਾਲਰ ਅਤੇ ਨੇਪਾਲੀ ਕਰੰਸੀ ਤੋਂ ਇਲਾਵਾ ਕੁਝ ਭਾਰਤੀ ਕਰੰਸੀ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।