ਗੁਰਦਾਸਪੁਰ: ਕਾਰਗਿਲ ਯੁੱਧ ਦੇ 20 ਸਾਲ ਬੀਤ ਜਾਣ ਤੋਂ ਬਾਅਦ ਅੱਜ ਵੀ ਯੁੱਧ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਸਕੀਆਂ ਹਨ। ਕਾਰਗਿਲ ਯੁੱਧ ਨੂੰ 20 ਸਾਲ ਪੂਰੇ ਹੋ ਚੁੱਕੇ ਹਨ ਅਤੇ ਇਸ ਦਿਨ ਨੂੰ ਸਾਰੇ ਭਾਰਤੀ 'ਵਿਜੈ ਦਿਵਸ' ਦੇ ਰੂਪ 'ਚ ਮਨਾ ਰਹੇ ਹਨ ਪਰ ਉੱਥੇ ਹੀ ਯੁੱਧ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਹੋਣ ਦੀ ਉਡੀਕ ਕਰ ਰਹੇ ਹਨ।
ਕਾਰਗਿਲ ਦੀ ਲੜਾਈ 'ਚ ਸ਼ਹੀਦ ਹੋਏ ਲਾਂਸ ਨਾਇਕ ਰਣਬੀਰ ਸਿੰਘ ਦੀ ਪਤਨੀ ਨੇ ਜਿੱਥੇ ਕਿਹਾ ਕਿ ਉਸ ਨੂੰ ਆਪਣੇ ਪਤੀ ਦੇ ਸ਼ਹੀਦ ਹੋਣ' ਤੇ ਮਾਣ ਹੈ, ਉੱਥੇ ਹੀ ਉਸ ਨੇ ਕਿਹਾ ਕਿ ਸ਼ਹਾਦਤ ਤੋਂ ਬਾਅਦ ਸਰਕਾਰ ਵੱਲੋਂ ਜੋ ਵਾਅਦੇ ਉਨ੍ਹਾਂ ਨਾਲ ਕੀਤੇ ਗਏ ਸਨ ਉਹ ਅੱਜ ਤੱਕ ਪੂਰੇ ਨਹੀਂ ਹੋਏ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪਿੰਡ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਗੇਟ ਬਣਾਇਆ ਜਾਵੇਗਾ ਪਰ ਅੱਜ ਤੱਕ ਗੇਟ ਨਹੀਂ ਬਣਿਆ। ਦੇਸ਼ ਦੀਆਂ ਸਰਕਾਰਾਂ ਸ਼ਹੀਦ ਦੇ ਪਰਿਵਾਰਾਂ ਨਾਲ ਬਹੁਤ ਵਾਅਦੇ ਕਰਦੀਆਂ ਹਨ ਪਰ ਕੁੱਝ ਸਮਾਂ ਬਾਅਦ ਇਹ ਵਾਅਦੇ ਖੋਖਲੇ ਸਾਬਤ ਹੁੰਦੇ ਹਨ। ਇਸ ਦੇ ਨਾਲ ਹੀ ਰਖਵੰਤ ਕੌਰ ( ਸ਼ਹੀਦ ਦੀ ਮਾਂ) ਦਾ ਵੀ ਇਹੀ ਕਹਿਣਾ ਹੈ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਵੱਡਾ ਅੰਤਰ ਪਾਇਆ ਜਾਂਦਾ ਹੈ।
ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੇ ਬੱਚਿਆਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਉਹ ਵੀ ਆਪਣੇ ਪਿਤਾ ਵਾਂਗ ਫ਼ੌਜ 'ਚ ਭਰਤੀ ਹੋਣਾ ਚਾਹੁੰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮੰਗਾਂ ਨੂੰ ਸਰਕਾਰ ਕਦੋਂ ਤੱਕ ਪੂਰਾ ਕਰਦੀ ਹੈ।
ਇਹ ਵੀ ਪੜ੍ਹੋ- ਕਾਂਗਰਸ 'ਚ ਇਮਾਨਦਾਰ ਬੰਦੇ ਦੀ ਕਦਰ ਨਹੀਂ- ਬੈਂਸ