ਗੁਰਦਾਸਪੁਰ: ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਅਪਰਾਧਿਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਗੁਰਦਾਸਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਹਰਚੋਵਾਲ ਵਿਖੇ ਦੇਰ ਸ਼ਾਮ ਨੂੰ ਨਿਊ ਟਰੇਡ ਸੈਲੂਨ ਉੱਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਯੂਥ ਪ੍ਰਧਾਨ ਰਣਜੀਤ ਸਿੰਘ ਉਰਫ ਸੋਨੂ ਔਲਖ ’ਤੇ ਗੋਲੀਆਂ ਚਲਾਈਆਂ ਗਈਆਂ ਹਨ।
ਇਸ ਘਟਨਾ ’ਚ ਦੋਵਾਂ ਲੱਤਾਂ ਵਿੱਚ ਦੋ ਗੋਲੀਆਂ ਲੱਗਣ ਕਾਰਨ ਸੋਨੂੰ ਔਲਖ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਫਾਇਰਿੰਗ ਕਰਦਿਆਂ ਦੀ ਸੀਸੀਟੀਵੀ ਸਾਹਮਣੇ ਆਈ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਨੇ ਘਟਨਾ ਸਥਾਨ ’ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਚੌਕ ਦੇ ਨੇੜੇ ਜੋ ਨਿਊ ਟਰੇਡ ਸੈਲੂਨ ਦੀ ਦੁਕਾਨ ਹੈ ਇਸ ਦੁਕਾਨ ਉੱਪਰ ਸ਼ਾਮ ਪੰਜ ਵਜੇ ਦੇ ਕਰੀਬ ਯੂਥ ਪ੍ਰਧਾਨ ਸੋਨੂੰ ਔਲਖ ਆਪਣੇ ਵਾਲਾਂ ਦੀ ਕੰਟਿੰਗ ਵਾਸਤੇ ਪਹੁੰਚਿਆ ਹੋਇਆ ਸੀ ਜਦੋ ਉਹ ਦੁਕਾਨ ’ਚ ਆਪਣੀ ਕਟਿੰਗ ਕਰਵਾ ਰਿਹਾ ਸੀ ਤਾਂ ਅਚਾਨਕ ਕੁਝ ਹਥਿਆਰਬੰਦ ਨੌਜਵਾਨ ਦੁਕਾਨ ਵਿੱਚ ਦਾਖਲ ਹੋ ਗਏੇ ਜਿੰਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚੱਲਣ ਦੌਰਾਨ ਰਣਜੀਤ ਸਿੰਘ ਉਰਫ ਸੋਨੂੰ ਔਲਖ ਜ਼ਖਮੀ ਹੋ ਗਿਆ।
ਇਸ ਵਾਪਰੀ ਘਟਨਾ ਤੋੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਉੱਪਰ ਸਵਾਲ ਖੜ੍ਹੇ ਹੋਣ ਲੱਗੇ ਹਨ ਤੇ ਸੂਬਾ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਇਸ ਘਟਨਾ ਸਬੰਧੀ ਥਾਣਾ ਹਰਗੋਬਿੰਦਪੁਰ ਦੇ ਐਸਐਚਓ ਯਾਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਗਰਾ ਮਾਰਕਿਟ ਵਿੱਚ ਨਿਊ ਟ੍ਰੈਂਡ ਸੈਲੂਨ ਦੀ ਦੁਕਾਨ ਹੈ ਜਿੱਥੇ ਕੁਝ ਨੌਜਵਾਨ ਕੰਟਿੰਗ ਕਰਾਉਣ ਲਈ ਆਏ ਸਨ ਤੇ ਜਿਸ ਤੋਂ ਬਾਅਦ ਕੁਝ ਹੋਰ ਨੌਜਵਾਨ ਸੈਲੂਨ ਅੰਦਰ ਆਏ ਅਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇੱਕ ਨੌਜਵਾਨ ਸੋਨੂੰ ਔਲਖ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਬਟਾਲਾ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੀ ਘਟਨਾ ਦੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਬਾਕੀ ਜੋ ਵੀ ਤਫ਼ਤੀਸ਼ ਵਿੱਚ ਆਵੇਗਾ ਉਸ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਸਿੱਧੂ ਮੂਸੇ ਵਾਲੇ ਦੇ ਗੈਂਗਸਟਰਾਂ ਨਾਲ ਸਬੰਧ: ਸੁਖਬੀਰ ਬਾਦਲ