ਪਠਾਨਕੋਟ: ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਲਈ ਹਰ ਪਾਰਟੀ ਉਮੀਦਵਾਰ ਹਰ ਤਰ੍ਹਾਂ ਦੇ ਦਾਅ ਪੇਚ ਖੇਡ ਰਿਹਾ ਹੈ। ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਲਈ ਹੁਣ ਬਾਲੀਵੁੱਡ ਦੀਆਂ ਹਸਤੀਆਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ।
ਸੰਨੀ ਦਿਓਲ ਦੀ ਮਸ਼ਹੂਰ ਫ਼ਿਲਮ ਗ਼ਦਰ ਦੇ ਨਿਰਦੇਸ਼ਕ ਅਨਿਲ ਸ਼ਰਮਾ ਪਠਾਨਕੋਟ ਵਿਖੇ ਸੰਨੀ ਦਿਓਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਨੀ ਦਿਓਲ ਇੱਕ ਨੇਕ ਇਨਸਾਨ ਹਨ, ਉਹ ਜੋ ਕਹਿੰਦੇ ਹਨ ਉਹ ਕਰਕੇ ਵੀ ਦਿਖਾਉਂਦੇ ਹਨ। ਅਨਿਲ ਨੇ ਕਿਹਾ ਕਿ ਸੱਚੇ ਮਨ ਨਾਲ ਦੇਸ਼ ਸੇਵਾ ਦਾ ਜਜ਼ਬਾ ਲੈ ਕੇ ਸੰਨੀ ਸਿਆਸਤ 'ਚ ਆਏ ਹਨ ਅਤੇ ਫ਼ਿਲਮਾਂ ਵਿੱਚ ਨਾਂਅ ਕਮਾਉਣ ਤੋਂ ਬਾਅਦ ਹੁਣ ਉਹ ਦੇਸ਼ ਦੇ ਲਈ ਕੁਝ ਕਰਨਾ ਚਾਹੁੰਦੇ ਹਨ।
ਅਨਿਲ ਨੇ ਕਿਹਾ ਕਿ ਸੰਨੀ ਦਿਓਲ ਆਪਣੇ ਬੇਟੇ ਦੀ ਆਉਣ ਵਾਲੀ ਫ਼ਿਲਮ 'ਚ ਰੁੱਝੇ ਹੋਏ ਸਨ, ਪਰ ਉਨ੍ਹਾਂ ਫ਼ਿਲਮ ਦਾ ਕੰਮ ਰੋਕ ਦਿੱਤਾ ਅਤੇ ਹੁਣ ਉਹ ਚੋਣ ਅਖਾੜੇ 'ਚ ਪੂਰਾ ਜ਼ੋਰ ਲਗਾ ਰਹੇ ਹਨ।