ਗੁਰਦਾਸਪੁਰ: ਪਿੰਡ ਅਬਲਖੈਰ ਵਿੱਚ ਇਕ ਸੇਵਾ ਕੇਂਦਰ ਦੀ ਮਹਿਲਾ ਮੁਲਾਜ਼ਮ ਸੁਸ਼ਮਾ ਨੇ ਜ਼ਹਿਰੀਲੀ ਦਵਾਈ ਪੀਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਕੁੜੀ ਦੇ ਪਰਿਵਾਰਕ ਮੈਬਰਾਂ ਨੇ ਨੇੜਲੇ ਪਿੰਡ ਸੈਨਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਬਿੰਦਰਜੀਤ ਉਪਰ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਗੰਭੀਰ ਆਰੋਪ ਲਗਾਏ ਹਨ ਅਤੇ ਪੁਲਿਸ ਉਪਰ ਵੀ ਸਹੀ ਢੰਗ ਨਾਲ ਕਾਰਵਾਈ ਨਾ ਕਰਨ ਦੇ ਆਰੋਪ ਲਗਾਏ ਹਨ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਭਰਾ ਕੁਲਦੀਪ ਗਿੱਲ ਅਤੇ ਮਾਤਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਸੁਸ਼ਮਾ ਪਿੰਡ ਅਬਲਖੈਰ ਦੇ ਸੇਵਾ ਕੇਂਦਰ ਵਿਚ ਕੰਪਿਊਟਰ ਅਪਰੇਟਰ ਦਾ ਕੰਮ ਕਰਦੀ ਸੀ ਅਤੇ ਨੇੜਲੇ ਪਿੰਡ ਸੈਨਪੁਰ ਦਾ ਇਕ ਨੌਜਵਾਨ ਬਿੰਦਰਜੀਤ ਉਨ੍ਹਾਂ ਦੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਉਸਦਾ ਰਾਹ ਰੋਕਦਾ ਸੀ ਪਰ ਕੁੜੀ ਨੇ ਕਦੇ ਘਰ ਨਹੀਂ ਦੱਸਿਆ ਅਤੇ ਅੱਜ ਮੁੰਡੇ ਨੇ ਸੇਵਾ ਕੇਂਦਰ ਵਿੱਚ ਜਾ ਕੇ ਉਨ੍ਹਾਂ ਦੀ ਕੁੜੀ ਨੂੰ ਧਮਕਾਇਆ ਅਤੇ ਉਸ ਨਾਲ ਗਾਲੀ ਗਲੋਚ ਕੀਤਾ ਜਿਸ ਤੋਂ ਬਾਅਦ ਉਹ ਕਿੰਨਾ ਚਿਰ ਰੋਂਦੀ ਰਹੀ ਅਤੇ ਘਰ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰ ਲਈ।
ਉਨ੍ਹਾਂ ਨੂੰ ਬਾਹਰ ਤੋਂ ਪਤਾ ਲਗਾ ਕਿ ਇਹ ਮੁੰਡਾ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਪੁਲਿਸ ਹੁਣ ਉਸ ਦੋਸ਼ੀ ਮੁੰਡੇ ਬਿੰਦਰਜੀਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਬਜਾਏ 174 ਦਾ ਮਾਮਲਾ ਦਰਜ ਕਰ ਰਹੀ ਹੈ ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜੋ: ਜੰਮੂ-ਕਸ਼ਮੀਰ: ਪਾਕਿ ਫ਼ੌਜ ਵਲੋਂ ਜੰਗਬੰਦੀ ਦੀ ਉਲੰਘਣਾ, ਭਾਰਤੀ ਫ਼ੌਜ ਵਲੋਂ ਜਵਾਬੀ ਕਾਰਵਾਈ
ਦੂਜੇ ਪਾਸੇ ਮ੍ਰਿਤਕ ਕੁੜੀ ਦਾ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਪਹੁੰਚੇ ਏ.ਐਸ.ਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਕੁੜੀ ਨੇ ਗਲਤੀ ਨਾਲ ਦਵਾਈ ਖਾ ਲਈ ਹੈ ਜਿਸ ਕਾਰਨ ਉਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਇਸ ਲਈ 174 ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ 'ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।