ਗੁਰਦਾਸਪੁਰ: 14 ਫਰਵਰੀ ਨੂੰ ਪੁਲਵਾਮਾ 'ਚ ਸੀਆਰਪੀਐਫ ਦੇ ਕਾਫ਼ਿਲੇ 'ਤੇ ਹੋਏ ਆਤਮਘਾਤੀ ਹਮਲੇ 'ਚ 42 ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ 'ਚੋਂ ਚਾਰ ਪੰਜਾਬ ਦੇ ਸਨ। ਇਨ੍ਹਾਂ ਚਾਰਾਂ 'ਚੋਂ ਇੱਕ ਜਵਾਨ ਗੁਰਦਾਸਪੁਰ ਦੇ ਦੀਨਾਨਗਰ ਦਾ ਮਨਿੰਦਰ ਸਿੰਘ ਵੀ ਸ਼ਹੀਦੀ ਦਾ ਜਾਮ ਪੀ ਗਿਆ।
ਮਨਿੰਦਰ ਸਿੰਘ ਦੇ ਪਰਿਵਾਰ 'ਚ ਉਸ ਦਾ ਬਜ਼ੁਰਗ ਪਿਤਾ ਤੇ ਇੱਕ ਛੋਟਾ ਭਰਾ ਲਖਵੀਰ ਸਿੰਘ ਹੈ। ਬੇਸ਼ੱਕ ਸਰਕਾਰ ਨੇ ਮਨਿੰਦਰ ਸਿੰਘ ਦੀ ਕੁਰਬਾਨੀ ਨੂੰ ਵਿਸਾਰ ਦਿੱਤਾ ਹੋਵੇ ਪਰ ਉਸ ਦੇ ਪਰਿਵਾਰ ਲਈ ਮਨਿੰਦਰ ਦੀ ਸ਼ਹਾਦਤ ਤੇ ਉਸ ਦੀਆਂ ਯਾਦਾਂ ਹਾਲੇ ਨਰੋਈਆਂ ਹਨ।
ਇਸ ਪਰਿਵਾਰ ਨੂੰ ਮਾਨ ਹੈ ਮਨਿੰਦਰ ਸਿੰਘ ਦੀ ਸ਼ਹਾਦਤ ਤੇ ਪਰ ਦੁੱਖ ਹੈ ਸਰਕਾਰਾਂ ਦੀ ਕਰਨੀ ਤੇ ਕਿਉਂਕਿ ਮਨਿੰਦਰ ਸਿੰਘ ਦੇ ਭਰਾ ਲਖਵੀਰ ਸਿੰਘ ਜੋ ਸੀਆਰਪੀਐਫ ਚ ਭਰਤੀ ਸੀ, ਨੂੰ ਸਰਕਾਰ ਨੇ ਵਾਅਦਾ ਕੀਤਾ ਕਿ ਉਹ ਲਖਵੀਰ ਨੂੰ ਪੰਜਾਬ ਸਰਕਾਰ 'ਚ ਨੌਕਰੀ ਦੇਣਗੇ। ਲਖਵੀਰ ਦੇ ਪਿਤਾ ਦੇ ਇਕੱਲੇ ਹੋਣ ਕਾਰਨ ਉਹ ਸੀਆਰਪੀਐਫ਼ ਦੀ ਨੌਕਰੀ ਨਹੀਂ ਕਰ ਸਕਦਾ ਸੀ ਜਿਸ ਦੇ ਚੱਲਦੇ ਪਰਿਵਾਰ ਨੇ ਮੰਗ ਕੀਤੀ ਕਿ ਤੇ ਸਰਕਾਰ ਨੇ ਵਾਅਦਾ ਵੀ ਕੀਤਾ ਪਰ ਉਹ ਵਾਅਦਾ ਅੱਜ ਤੱਕ ਨਹੀਂ ਨਿਭਾਇਆ ਹੈ। ਮਨਿੰਦਰ ਸਿੰਘ ਦੀ ਮਾਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ ਤੇ ਭੈਣਾਂ ਵਿਆਹੀਆਂ ਹੋਈਆਂ ਹਨ।
ਲਖਵੀਰ ਤੇ ਉਸ ਦੇ ਪਿਤਾ ਕਈ ਵਾਰ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾ ਚੁੱਕੇ ਹਨ ਪਰ ਲੱਗਦਾ ਹੈ ਸਰਕਾਰ ਨੂੰ 14 ਫਰਵਰੀ ਦਾ ਦਿਨ ਚੇਤੇ ਨਹੀਂ ਰਿਹਾ। ਸਰਕਾਰ ਭੁੱਲ ਗਈ ਹੈ ਕਿ ਕਿਸ ਤਰ੍ਹਾਂ ਪੁਲਵਾਮਾ ਚ ਭਿਆਨਕ ਆਤਮਘਾਤੀ ਹਮਲੇ ਦੌਰਾਨ ਸੀਆਰਪੀਐਫ਼ ਦੇ 42 ਜਵਾਨ ਸ਼ਹੀਦ ਹੋ ਗਏ ਸਨ।