ਗੁਰਦਾਸਪੁਰ: ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ (Lal Chand Kataruchak) ਧਾਰੀਵਾਲ ਮੰਡੀ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਤੇ ਰਸਤਾ ਕਲੀਅਰ ਕਰਨ ਦੇ ਲਈ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੇ ਰਿਕਸ਼ਾ ਚਲਾ ਰਹੇ ਇੱਕ ਬੱਚੇ ਨੂੰ ਥੱਪੜ ਮਾਰ ਕੇ ਰਸਤੇ ਵਿਚੋਂ ਹਟਣ ਦੇ ਲਈ ਕਿਹਾ ਜਿਸ ਤੋਂ ਬਾਅਦ ਸਥਾਨਕ ਕੁਝ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਘੇਰ ਕੇ ਬੱਚੇ ਨੂੰ ਥੱਪੜ ਮਾਰਨ ਦਾ ਕਾਰਨ ਪੁੱਛਿਆ ਅਤੇ ਇਸੇ ਦੌਰਾਨ ਮੰਤਰੀ ਵੀ ਪਹੁੰਚ ਗਏ।
ਕੈਬਨਿਟ ਮੰਤਰੀ ਕਟਾਰੂਚੱਕ ਨੇ ਰੋਂਦੇ ਬੱਚੇ ਨੂੰ ਆਪਣੀ ਗਲਵੱਕੜੀ 'ਚ ਲੈ ਕੇ ਚੁੱਪ ਕਰਵਾਇਆ ਅਤੇ ਪੁਲਿਸ ਦੇ ਮੁਲਾਜ਼ਮ ਖਿਲਾਫ ਕਾਰਵਾਈ ਦੇ ਹੁਕਮ ਦੇ ਦਿੱਤੇ। ਕਟਾਰੂਚੱਕ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਮਨ ਨੂੰ ਕਾਫੀ ਠੇਸ ਪਹੁੰਚੀ ਹੈ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਫਾਹੇ ਨਹੀਂ ਲਗਾਉਣਾ ਪਰ ਉਸ ਨੇ ਜੋ ਵੀ ਕੀਤਾ ਇਹ ਗਲਤ ਕੀਤਾ ਹੈ, ਜਿਸ ਤੇ ਕਾਰਵਾਈ ਕੀਤੀ ਜਾਵੇਗੀ।
ਇਹ ਪਹਿਲਾ ਮੌਕਾ ਨਹੀਂ ਹੈ ਜਦੋ ਕਿਸੇ ਪੁਲਿਸ ਮੁਲਾਜ਼ਮ ਨੇ ਸ਼ਰੇਆਮ ਲੋਕਾਂ 'ਤੇ ਹੱਥ ਚੁੱਕਿਆ ਹੋਵੇ। ਇਸ ਤੋਂ ਪਹਿਲਾ ਫਗਵਾੜਾ ਦੇ SHO ਨੇ ਸਬਜ਼ੀ ਵਾਲੇ ਦੀ ਟੋਕਰੀ ਨੂੰ ਲੱਤ ਮਾਰੀ ਸੀ।
ਹੁਣ ਵੇਖਣਾ ਇਹ ਹੋਏਗਾ ਕਿ ਬੱਚੇ ਦੇ ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ 'ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਪੁਲਿਸ ਮੁਲਾਜ਼ਮ ਖਿਲਾਫ਼ ਕਾਰਵਾਈ ਦੇ ਆਦੇਸ਼ ਤਾਂ ਦੇ ਦਿੱਤੇ ਗਏ ਹਨ। ਕੈਬਨਿਟ ਮੰਤਰੀ ਨੇ ਪੁਲਿਸ ਦੇ ਇਸ ਰਵੱਈਏ 'ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ।
ਇਹ ਵੀ ਪੜ੍ਹੋ: ਪੁਲਿਸ ਵਿਭਾਗ ਨੇ ਵੈੱਬ ਪੋਰਟਲ ਕੀਤਾ ਲਾਂਚ, ਸਾਈਬਰ ਧੋਖਾਧੜੀ ਦੀ ਆਨਲਾਈਨ ਹੋ ਸਕੇਗੀ ਰਿਪੋਰਟ