ਗੁਰਦਾਸਪੁਰ: ਬਟਾਲਾ ਨਜ਼ਦੀਕੀ ਪਿੰਡ ਮੀਰਪੁਰ ਵਿੱਚ ਦਰਾਣੀ ਨੇ ਵਿਧਵਾ ਜੇਠਾਣੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਕੌਰ ਵਜੋਂ ਹੋਈ ਹੈ। ਮ੍ਰਿਤਕ ਔਰਤ ਦੇ ਬੇਟੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦੀ ਚਾਚੀ ਅਤੇ ਉਸਦਾ ਪਰਿਵਾਰ ਪਹਿਲਾਂ ਵੀ ਉਨ੍ਹਾਂ ਦੇ ਨਾਲ ਲੜਾਈ ਕਰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਬੀਤੀ ਰਾਤ ਨੂੰ ਘਰ ਆਇਆ, ਤਾਂ ਉਸਦਾ ਚਾਚਾ, ਚਾਚੀ ਅਤੇ ਉਨ੍ਹਾਂ ਦਾ ਪੁੱਤਰ ਉਸਦੀ ਮਾਂ ਦੀ ਮਾਰ ਕੁਟਾਈ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਉਸਦੀ ਚਾਚੀ ਨੇ ਉਸਦੀ ਮਾਂ ਸੁਰਿੰਦਰ ਕੌਰ ਦੇ ਸਿਰ ਵਿੱਚ ਰਸੋਈ ਕੁੱਕਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸਦੀ ਚਾਚੀ ਦਾ ਪਰਿਵਾਰ ਉਨ੍ਹਾਂ ਦੀ 7 ਮਰਲੇ ਜਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਪਹਿਲਾਂ ਵੀ ਇਨ੍ਹਾਂ ਨੇ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਸੀ, ਜਿਸਦਾ ਕੇਸ ਚੱਲ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ, ਕਿ ਜਲਦ ਤੋਂ ਜਲਦ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ, ਜਾਂਚ ਅਧਕਾਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਕੌਰ ਦੇ ਬੇਟੇ ਪਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਉਸਦੀ ਚਾਚੀ ਸਰਬਜੀਤ ਕੌਰ, ਚਾਚਾ ਪ੍ਰੀਤਮ ਸਿੰਘ ਅਤੇ ਉਨ੍ਹਾਂ ਦੇ ਬੇਟੇ ਸੰਦੀਪ ਸਿੰਘ ਦੇ ਖਿਲਾਫ਼ ਕਤਲ ਦਾ ਮਾਮਲਾ ਧਾਰਾ 302 ਦੇ ਤਹਿਤ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।