ਗੁਰਦਾਸਪੁਰ: ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਹੁਣ ਪਹਿਲਾਂ ਵਾਂਗ ਕਈ ਦਿਨਾਂ ਦਾ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦਾ ਟੈਸਟ ਕਰਨ ਵਾਲੀ ਮਸ਼ੀਨ ਲਗਾਈ ਜਾ ਰਹੀ ਹੈ।
ਸਿਵਲ ਹਸਪਤਾਲ ਵਿਖੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਿਵਲ ਸਰਜਨ ਕਿਸ਼ਨ ਚੰਦ ਨੇ ਦੱਸਿਆ ਕਿ ਇਸ ਤੋਂ ਪਹਿਲਾ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਦੇ ਸੈਂਪਲ ਅੰਮ੍ਰਿਤਸਰ ਭੇਜੇ ਜਾਂਦੇ ਸੀ, ਜਿਨ੍ਹਾਂ ਦੀ ਰਿਪੋਰਟ 1-2 ਦਿਨ ਬਾਅਦ ਆਉਂਦੀ ਸੀ।
ਕਈ ਵਾਰ ਸੈਂਪਲਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਰਿਪੋਰਟਾਂ ਆਉਣ ਵਿੱਚ ਹੋਰ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਸੀ। ਪਰ ਹੁਣ ਗੁਰਦਾਸਪੁਰ ਵਿਖੇ ਮਸ਼ੀਨ ਲੱਗ ਜਾਣ ਤੋਂ ਬਾਅਦ ਇੱਕ ਘੰਟੇ 'ਚ ਹੀ ਸੈਂਪਲ ਦੀ ਰਿਪੋਰਟ ਆ ਜਾਵੇਗੀ ਤੇ ਰੋਜ਼ਾਨਾ 100 ਦੇ ਕਰੀਬ ਟੈਸਟ ਕੀਤੇ ਜਾਣਗੇ।
ਇਸ ਮੌਕੇ ਪੈਰਾ ਮੈਡੀਕਲ ਨਰਸ ਸ਼ਮਿੰਦਰ ਕੌਰ ਘੁੰਮਣ ਨੇ ਸਿਵਲ ਸਰਜਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ, ਕਿ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਹੈ।