ਗੁਰਦਾਸਪੁਰ: ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਵਿਚਾਲੇ ਝੜਪ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅਜਿਹਾ ਹੀ ਹੁਣ ਮਾਮਲਾ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਰਾਣੀ ਰੰਜਿਸ਼ ਦੇ ਚਲਦਿਆਂ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਲੜਾਈ ਹੋ ਗਈ ਹੈ।
ਗੋਪੀ ਗੋਲੀ ਗੈਂਗ ਦੇ ਮੈਂਬਰਾ ਨੇ ਚੱਮਚ ਦੇ ਬਲੇਟ ਬਣਾ ਕੇ ਦੂਜੇ ਗਰੁੱਪ ਦੇ ਮੈਂਬਰਾ 'ਤੇ ਹਮਲਾ ਕਰ ਦਿੱਤਾ ਜਿਸ ਵਿੱਚ ਸੰਨੀ ਅਤੇ ਅਵਤਾਰ ਨਾਂਅ ਦੇ ਕੈਦੀ ਜ਼ਖਮੀ ਹੋ ਗਏ ਹਨ ਜੋ ਕਿ 302 ਦੇ ਮਾਮਲੇ 'ਚ ਜੇਲ੍ਹ ਵਿੱਚ ਬੰਦ ਸਨ। ਜ਼ਖਮੀ ਕੈਦੀ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਜ਼ਖ਼ਮੀ ਕੈਦੀਆਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਪੀ ਗੋਲੀ ਗੈਂਗ ਦੇ ਮੈਂਬਰਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਹਮਲੇ ਦੀ ਯੋਜਨਾ ਪਹਿਲਾਂ ਹੀ ਬਣਾਈ ਹੋਈ ਸੀ ਅਤੇ ਚੱਮਚ ਦੇ ਬਲੇਟ ਬਣਾ ਕੇ ਉਨ੍ਹਾਂ 'ਤੇ ਹਮਲਾ ਕੀਤਾ ਜਿਸ ਕਾਰਨ ਉਹ ਜ਼ਖ਼ਮੀ ਹੋ ਗਏ।
ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਸੋਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ ਹਨ ਅਤੇ ਇਸ ਝਗੜੇ ਵਿੱਚ ਦੋ ਕੈਦੀ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ ਹੈ ਅਤੇ ਇਲਾਜ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।