ਫਿਰੋਜ਼ਪੁਰ: ਦੇਸ਼ ਅੰਦਰ ਸ਼ੋਸਲ ਮੀਡੀਆ ਦੇ ਰਾਹੀਂ ਜਿੱਥੇ ਲੋਕਾਂ ਵੱਲੋਂ ਚੰਗੇ ਕੰਮ ਕੀਤੇ ਜਾ ਰਹੇ ਹਨ, ਉੱਥੇ ਹੀ ਅੱਜ ਦੀ ਨੌਜਵਾਨੀ ਨੇ ਸ਼ੋਸਲ ਮੀਡੀਆ ਨੂੰ ਆਸ਼ਕੀ ਕਰਨ ਦਾ ਇੱਕ ਜ਼ਰੀਆ ਬਣਾ ਲਿਆ ਹੈ। ਕਈਆਂ ਨੂੰ ਸ਼ੋਸਲ ਮੀਡੀਆ ਦਾ ਪਿਆਰ ਪਾਰ ਲਗਾ ਰਿਹਾ ਹੈ ਅਤੇ ਕਈਆਂ ਨੂੰ ਇਹ ਸ਼ੋਸਲ ਮੀਡੀਆ ਕੁੱਟ ਵੀ ਪਵਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਜਿੱਥੇ ਇੱਕ ਨੌਜਵਾਨ ਨੂੰ ਸ਼ੋਸਲ ਮੀਡੀਆ ਉੱਤੇ ਆਸ਼ਕੀ ਕਰਨੀ ਇੰਨੀ ਮਹਿੰਗੀ ਪਈ ਕਿ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਤੇਜ਼ਧਾਰ ਹਥਿਆਰਾਂ ਨਾਲ ਹਮਲਾ: ਜਾਣਕਾਰੀ ਦਿੰਦਿਆਂ ਪੀੜਤ ਮੁੰਡੇ ਨੇ ਦੱਸਿਆ ਕਿ ਉਸ ਨੂੰ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਲੜਕੀ ਮੈਸਿਜ ਕਰਦੀ ਸੀ ਅਤੇ ਬੀਤੇ ਦਿਨ ਲੜਕੀ ਦੇ ਅਕਾਊਂਟ ਤੋਂ ਉਸ ਨੂੰ ਮੈਸਿਜ ਕਰਕੇ ਫਿਰੋਜ਼ਪੁਰ ਦੇ ਬਾਜ ਵਾਲਾ ਚੌਂਕ ਵਿੱਚ ਮਿਲਣ ਲਈ ਬੁਲਾਇਆ ਗਿਆ, ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਮੈਸਿਜ ਮੁੰਡਿਆਂ ਵੱਲੋਂ ਕੀਤਾ ਗਿਆ ਹੈ। ਇਸ ਤੋਂ ਮਗਰੋਂ ਉਹ ਜਦੋਂ ਲੜਕੀ ਨੂੰ ਮਿਲਣ ਲਈ ਦੱਸੀ ਗਈ ਥਾਂ ਉੱਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਕੁੱਝ ਲੜਕਿਆਂ ਵੱਲੋਂ ਉਸ ਉੱਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਕਾਤਲਾਨਾ ਹਮਲੇ ਤੋਂ ਬਾਅਦ ਪੀੜਤ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ ਪਰਿਵਾਰਕ ਮੈਬਰਾਂ ਵੱਲੋਂ ਉਨ੍ਹਾਂ ਦੇ ਲੜਕੇ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਵਿੱਚ ਹਮਲਾਵਰਾਂ ਤੋਂ ਇਲਾਵਾ ਜੇਕਰ ਸੋਸ਼ਲ ਮੀਡੀਆ ਉੱਤੇ ਗੱਲ ਕਰਨ ਵਾਲੇ ਹੋਰ ਲੋਕ ਵੀ ਇਸ ਵਾਰਦਾਤ ਵਿੱਚ ਸ਼ਾਮਿਲ ਹਨ ਤਾਂ ਉਨ੍ਹਾਂ ਨੂੰ ਵੀ ਬਖ਼ਸ਼ਿਆ ਨਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।
ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ: ਦੂਸਰੇ ਪਾਸੇ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਹੁਣ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਜਿਸ ਵਿੱਚ ਪਤਾ ਚੱਲਿਆ ਹੈ ਕਿ ਇੱਕ ਲੜਕੀ ਨੇ ਉਸ ਨੂੰ ਬੁਲਾਇਆ ਸੀ ਅਤੇ ਉੱਥੇ ਉਸਦੀ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੀੜਤ ਨੌਜਵਾਨ ਹਮਲਾਵਰਾਂ ਦੀ ਪਹਿਚਾਣ ਨਹੀਂ ਕਰ ਸਕੇ ਹਨ ਅਤੇ ਫਿਲਹਾਲ ਅਣਪਛਾਤੇ ਹਮਲਾਵਰਾਂ ਵਿਰੁੱਧ ਹੀ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Cm mann launched the chat box app: ਹੁਣ ਗੁਆਚੇ ਬੱਚਿਆਂ ਨੂੰ ਲੱਭੇਗਾ ਚੈਟ ਬੋਟ ! ਪੰਜਾਬ ਵਿੱਚ ਲਾਂਚ ਹੋਇਆ ਐਪ