ਫਿਰੋਜ਼ਪੁਰ: ਅਜੋਕੇ ਪਦਾਰਥਵਾਦੀ ਯੁੱਗ ਵਿੱਚ ਮਨੁੱਖੀ ਰਿਸ਼ਤਿਆਂ ਦੀਆਂ ਕਦਰਾਂ-ਕੀਮਤਾਂ ਇਸ ਕਦਰ ਘਟ ਗਈਆਂ ਹਨ ਕੀ ਇਨਸਾਨ ਦੇ ਜੀਵਨ ਦੀ ਕੀਮਤ ਨਾਂ ਦੇ ਬਰਾਬਰ ਰਹਿ ਗਈ ਹੈ ਅਤੇ ਮਾਮੂਲੀ ਝਗੜੇ ਮੌਤ ਦਾ ਕਾਰਨ ਬਣ ਰਹੇ ਹਨ। ਤਾਜ਼ਾ ਮਾਮਲਾ ਜ਼ੀਰਾ ਦੇ ਪਿੰਡ ਘੁੱਦੂਵਾਲਾ ਦਾ ਜਿੱਥੇ ਮਮੂਲੀ ਘਰੇਲੂ ਝਗੜੇ ਦੇ ਚੱਲਦੇ ਪਿਓ ਪੁੱਤਰ ਦੀ ਲੜਾਈ ਇਸ ਕਦਰ ਵਧ ਗਈ ਕਿ ਪੁੱਤਰ ਦੁਆਰਾ ਗੋਲੀ ਚਲਾ ਦਿੱਤੀ ਗਈ ਜੋ ਕਿ ਉਸਦੇ ਆਪਣੇ ਹੀ ਤੇਰਾਂ ਸਾਲਾ ਪੁੱਤਰ ਨੂੰ ਲੱਗੀ ਗਈ। ਗੋਲੀ ਲੱਗਣ ਕਾਰਨ 13 ਸਾਲਾ ਪੁੱਤ ਦੀ ਪਿਓ ਹੱਥੋਂ ਹੀ ਮੌਤ ਹੋ ਗਈ ਹੈ।
ਜ਼ੀਰਾ ਦੇ ਮੱਖੂ ਬਲਾਕ ਦੇ ਪਿੰਡ ਘੁੱਦੂਵਾਲਾ ਜਿੱਥੋਂ ਦਾ ਵਾਸੀ ਪਰਮਜੀਤ ਸਿੰਘ ਜੋ ਕਿ ਲੁਧਿਆਣਾ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਅਤੇ ਆਪਣੇ ਪਿਤਾ ਨਾਲ ਹੀ ਘਰੇਲੂ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਜਦੋਂ ਵੀ ਉਹ ਛੁੱਟੀ ਆਉਂਦਾ ਤਾਂ ਪਿਓ ਪੁੱਤਰ ਦੀ ਇਸ ਗੱਲ ’ਤੇ ਤਕਰਾਰ ਹੋ ਜਾਂਦੀ। ਇਸ ਤਕਰਾਰ ਦੇ ਚੱਲਦੇ ਦੋਵਾਂ ਪਿਉ ਪੁੱਤਰਾਂ ਦੀ ਆਪਸੀ ਬਹਿਸ ਹੱਥੋਪਾਈ ’ਤੇ ਉੱਤਰ ਆਈ ਤਾਂ ਪਰਮਜੀਤ ਸਿੰਘ ਨੇ ਆਪਣੀ ਲਾਇਸੈਂਸੀ ਦੋਨਾਲੀ ਬੰਦੂਕ ਕੱਢ ਲਿਆਂਦੀ ਅਤੇ ਜਿਸ ਨੂੰ ਰੋਕਣ ਲਈ ਪਰਮਜੀਤ ਦੇ ਤੇਰਾਂ ਸਾਲਾ ਪੁੱਤਰ ਮਹਿਕਪ੍ਰੀਤ ਨੇ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਗੋਲੀ ਚੱਲ ਗਈ ਅਤੇ ਮਹਿਕਪ੍ਰੀਤ ਦੀ ਛਾਤੀ ਵਿੱਚ ਲੱਗ ਗਈ ਜਿਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੰਦੀਪ ਸਿੰਘ ਮੰਡ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ। ਪੁਲਿਸ ਨੇ ਮੁਲਜ਼ਮ ਪਰਮਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਪਾਸੋਂ ਉਸਦੀ ਲਾਇਸੈਂਸੀ ਦੋਨਾਲੀ ਬੰਦੂਕ ਵੀ ਕਬਜ਼ੇ ਵਿੱਚ ਲੈ ਲਈ ਹੈ। ਡੀ ਐੱਸ ਪੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪਾਕਿਸਤਾਨ ਨਾਲ ਦਹਿਸ਼ਤਗਰਦੀ ਲਿੰਕ ਨੂੰ ਲੈ ਕੇ NIA ਵੱਲੋਂ ਪੰਜਾਬ ’ਚ ਛਾਪੇਮਾਰੀ !