ਫਿਰੋਜ਼ਪੁਰ: ਪੰਜਾਬ ਦੇ ਵਿੱਚ ਸਤਲੁਜ ਦਰਿਆ ਦਾ ਕਹਿਰ ਅਜੇ ਵੀ ਜਾਰੀ ਹੈ। ਸਤਲੁਜ ਵਿੱਚ ਪਾਣੀ ਦਾ ਪੱਧਰ ਲਗਤਾਰ ਘੱਟ ਤਾਂ ਰਿਹਾ ਹੈ ਪਰ ਦਰਿਆ ਵਿੱਚ ਅਜੇ ਵੀ ਹਰੀਕੇ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਰਕੇ ਫਿਰੋਜ਼ਪੁਰ ਦੇ ਪਿੰਡ ਗੱਟਾ ਬਾਦਸ਼ਾਹ ਦੇ ਨਾਲ ਲਗਦੇ ਧੁਸੀ ਬੰਨ੍ਹ ਨੂੰ ਵਧੂ ਛੱਡਿਆ ਪਾਣੀ ਲਗਾਤਾਰ ਕਹਿਰ ਢਾਹ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਆਪ ਹੀ ਬੰਨ੍ਹ ਨੂੰ ਰੇਤ ਦੀਆਂ ਬੋਰੀਆਂ ਨਾਲ ਰੋਕ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਮੇਂ ਪਾਣੀ ਦਾ ਵਹਾਅ ਇਨ੍ਹਾਂ ਤੇਜ਼ ਹੈ ਕਿ ਵੱਡੇ-ਵੱਡੇ ਰੁੱਖ ਢਹਿ-ਢੇਰੀ ਹੋ ਗਏ ਹਨ। ਪਾਣੀ ਦੇ ਵਹਾਅ ਕਾਰਨ ਧੁਸੀ ਬੰਨ੍ਹ ਕਦੇ ਵੀ ਢਹਿ ਸਕਦਾ ਹੈ। ਪਾਣੀ ਦੇ ਕਹਿਰ ਨਾਲ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ। ਪਿੰਡ ਵਾਸੀ ਲਗਾਤਾਰ ਦਿਨ ਰਾਤ ਇੱਕ ਕਰਕੇ ਦਰਿਆ ਵਿੱਚ ਮਿੱਟੀ ਦੇ ਭਰੇ ਗੱਟੇ ਸੁੱਟ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸਾਸ਼ਨ 'ਤੇ ਆਰੋਪ ਲਾਉਂਦਿਆ ਕਿਹਾ ਕਿ ਹਰ ਸਾਲ ਜਦੋਂ ਸਤਲੁਜ ਦਾ ਪਾਣੀ ਘਟਦਾ ਹੈ ਤਾਂ ਸਾਡੇ ਖੇਤਾਂ ਵੱਲ ਨੂੰ ਢਾਹ ਲਾਉਂਦਾ ਹੈ।
ਪਾਣੀ ਦਾ ਪੱਧਰ ਭਾਵੇਂ ਘੱਟ ਗਿਆ ਹੈ ਪਰ ਇਹ ਪੱਧਰ ਹੀ ਸਾਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਹਲਾਤ ਨਾਜ਼ੁਕ ਹੋਣ ਦੇ ਬਵਾਜੂਦ ਪ੍ਰਸ਼ਾਸਨ ਦਾ ਕੋਈ ਵੀ ਅਫ਼ਸਰ ਮੌਕੇ 'ਤੇ ਨਹੀਂ ਪੁੱਜਿਆ। ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਮਾਲੀ ਮਦਦ ਨਹੀਂ ਕੀਤੀ ਗਈ। ਪਿੰਡ ਵਾਸੀਆਂ ਦਾ ਇਹ ਵੀ ਦੋਸ਼ ਹੈ ਕਿ ਦਰਿਆ ਵਿੱਚੋਂ ਨਾਜਾਇਜ਼ ਮਾਇਨਿੰਗ ਵੀ ਹੁੰਦੀ ਹੈ ਜੋ ਕਿ ਦਰਿਆ ਦੇ ਬੰਨ੍ਹ ਤਬਾਹ ਕਰ ਰਿਹਾ ਹੈ।