ਫ਼ਿਰੋਜ਼ਪੁਰ: 28 ਸਤੰਬਰ ਨੂੰ ਸ਼ਹੀਦ ਸਰਦਾਰ ਭਗਤ ਸਿੰਘ ਦਾ 112 ਵਾਂ ਜਨਮ ਦਿਹਾੜਾ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਮਨਾਇਆ ਜਾ ਰਿਹਾ ਹੈ। ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ਪਾਕਿਸਤਾਨ ਤੋਂ ਵਧਾਈਆ ਆ ਰਹੀਆਂ ਹਨ। ਪਾਕਿਸਤਾਨ ਹਾਈ ਕੋਰਟ ਦੇ ਵਕੀਲ ਅਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਭਾਰਤ ਸਰਕਾਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਇੱਕ ਵਿਸ਼ੇਸ਼ ਅਪੀਲ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ਤ ਲਿਖ ਕੇ ਭਾਰਤ ਰਤਨ ਦੇਣ ਦੀ ਮੰਗ ਕੀਤੀ।
ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਲਈ ਪਾਕਿਸਤਾਨ ਹਾਈ ਕੋਰਟ ਵਿੱਚ ਲਾਹੌਰ ਸਥਿਤ ਸਾਹਦਮਾਨ ਚੌਂਕ ਲਈ 2013 ਵਿੱਚ ਇੱਕ ਕੇਸ ਲਾਇਆ ਸੀ। ਇਸ ਵਿੱਚ ਪਾਕਿਸਤਾਨ ਹਾਈ ਕੋਰਟ ਨੇ ਪਾਕਿਸਤਾਨੀ ਸਰਕਾਰ ਨੂੰ ਖਾਸ ਦਿਸ਼ਾ ਨਿਰਦੇਸ਼ ਦਿੱਤੇ ਸਨ। ਕੁਰੈਸ਼ੀ ਨੇ ਪਾਕਿਸਤਾਨ ਵਿਚ ਮੌਜੂਦ ਭਾਰਤੀ ਹਾਈ ਕਮਿਸ਼ਨ ਦੇ ਰਾਹੀਂ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਸ਼ਹੀਦ ਭਗਤ ਸਿੰਘ ਦੇ 28 ਸਤੰਬਰ ਨੂੰ 112ਵੇਂ ਜਨਮ ਦਿਹਾੜੇ 'ਤੇ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖ ਪੁਲਿਸ ਅਫ਼ਸਰ ਦਾ ਗੋਲੀਆਂ ਮਾਰ ਕੇ ਕਤਲ
ਇਸਦੇ ਨਾਲ ਹੀ ਉਹ ਪਾਕਿਸਤਾਨੀ ਸਰਕਾਰ ਨੂੰ ਵੀ ਮੰਗ ਕਰਨਗੇ ਕਿ ਸ਼ਹੀਦ ਭਗਤ ਸਿੰਘ ਨੂੰ ਪਾਕਿਸਤਾਨ ਸਰਕਾਰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਨਵਾਜਿਆ ਜਾਵੇ। ਭਗਤ ਸਿੰਘ ਜਿਹੇ ਆਜ਼ਾਦੀ ਘੁਲਾਟੀਆਂ ਨੇ ਛੋਟੀ ਉਮਰੇ ਸ਼ਹਾਦਤ ਪਾ ਕੇ ਕਈ ਪੀੜ੍ਹੀਆਂ ਨੂੰ ਬ੍ਰਿਟਿਸ਼ ਹਕੂਮਤ ਨਾਲ ਲੋਹਾ ਲੈਣ ਲਈ ਪ੍ਰੇਰਿਆ ਸੀ ਤੇ ਉਨ੍ਹਾਂ ਨੂੰ ਸਰਬ ਉਚ ਸਨਮਾਨ ਦੇ ਕੇ ਹੀ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ।