ਫਿਰੋਜ਼ਪੁਰ: ਸੂਬੇ ਅੰਦਰ ਲਗਾਤਾਰ ਦਾਜ ਨੂੰ ਲੈ ਕੇ ਔਰਤਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੁੱਟਮਾਰ ਹੀ ਨਹੀਂ ਬਲਕਿ ਮੌਤ ਦੇ ਮੂੰਹ 'ਚ ਵੀ ਧਕੇਲ ਦਿੱਤਾ ਜਾਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਮਹੰਤਾਂ ਵਾਲਾ ਤੋਂ ਜਿੱਥੇ ਮਹਿਜ਼ ਦੋ ਮਹੀਨੇ ਪਹਿਲਾਂ ਵਿਆਹੀ ਨੌਜਵਾਨ ਕੁੜੀ ਦੀ ਮੌਤ ਨੇ ਸਭ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਿੱਚ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਲੜਕੀ ਦਾ ਦੋ ਮਹੀਨੇ ਪਹਿਲਾਂ ਹੀ ਪਿੰਡ ਮਹੰਤਾਂ ਦੇ ਰਹਿਣ ਵਾਲੇ ਲੜਕੇ ਰਾਕੇਸ਼ ਕੁਮਾਰ ਨਾਲ ਵਿਆਹ ਹੋਇਆ ਸੀ ਅਤੇ ਵਿਆਹੁਤਾ ਨਾਲ ਸਹੁਰਾ ਪਰਿਵਾਰ ਵੱਲੋਂ ਲਗਾਤਾਰ ਕੁੱਟਮਾਰ ਕੀਤੀ ਜਾ ਰਹੀ ਸੀ ਅਤੇ ਲਗਾਤਾਰ ਦਾਜ ਦੀ ਮੰਗ ਕਾਰਨ ਘਰ ਵਿਚ ਕਲੇਸ਼ ਹੀ ਰਹਿੰਦਾ ਸੀ।
ਉਥੇ ਹੀ ਅਚਾਨਕ ਕੁੜੀ ਦੀ ਮੌਤ ਦੀ ਖਬਰ ਆਈ। ਸਹੁਰਾ ਪਰਿਵਾਰ ਨੇ ਕਿਹਾ ਕਿ ਲੜਕੀ ਨੇ ਕੋਈ ਜਹਿਰੀਲੀ ਚੀਜ ਪੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪਰ ਉਥੇ ਹੀ ਦੂਜੇ ਪਾਸੇ ਮ੍ਰਿਤਕ ਦੇ ਪੇਕਿਆਂ ਦਾ ਇਲਜ਼ਾਮ ਹੈ ਕਿ ਕੁੜੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਸਹੁਰਿਆਂ ਨੇ ਉਸ ਦਾ ਕਤਲ ਕੀਤਾ ਹੈ। ਕਿਉਂਕਿ ਲੜਕੀ ਦੇ ਗਲੇ 'ਤੇ ਸੱਟ ਦੇ ਨਿਸ਼ਾਨ ਵੀ ਹਨ। ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪਰਿਵਾਰ ਨੇ ਪੁਲਿਸ ਨੂੰ ਦਿੱਤੀ। ਪਰਿਵਾਰ ਦੇ ਬਿਆਨਾਂ 'ਤੇ ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੜਕੀ ਨੇਹਾ ਨੇ ਵਾਪਿਸ ਘਰ ਆਕੇ ਕੋਈ ਜਹਿਰੀਲੀ ਚੀਜ ਖਾ ਲਈ: ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਲੜਕੀ ਨੇਹਾ ਰਾਣੀ ਉਮਰ ਕਰੀਬ 20 ਸਾਲ ਜਿਸਦਾ ਵਿਆਹ ਰਾਕੇਸ਼ ਕੁਮਾਰ ਨਾਲ ਦੋ ਮਹੀਨੇ ਪਹਿਲਾਂ ਹੋਇਆ ਸੀ। ਜਿਸ ਨਾਲ ਦਾਜ ਨੂੰ ਲੈਕੇ ਲਗਾਤਾਰ ਸਹੁਰਾ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਮਿਤੀ 12/03/2023 ਦੀ ਰਾਤ ਵੀ ਉਸ ਨਾਲ ਕੁੱਟਮਾਰ ਕੀਤੀ ਗਈ ਸੀ। ਜਿਸ ਤੋਂ ਬਾਅਦ ਉਹ ਲੜਕੀ ਨੂੰ ਆਪਣੇ ਘਰ ਲੈ ਆਏ ਸਨ। ਸਵੇਰੇ ਜਦੋਂ ਉਹ ਦੁਕਾਨ 'ਤੇ ਜਾਣ ਲੱਗਾ ਤਾਂ ਲੜਕੀ ਨੇ ਕਹਿਣ ਲੱਗੀ ਕਿ ਉਹ ਸਹੁਰੇ ਘਰੋਂ ਆਪਣੇ ਕੱਪੜੇ ਅਤੇ ਸਮਾਨ ਚੁੱਕ ਲਿਆਵੇ ਅਤੇ ਉਹ ਖੁਦ ਦੁਕਾਨ 'ਤੇ ਚਲਾ ਗਿਆ। ਉਸਦੀ ਲੜਕੀ ਨੇਹਾ ਨੇ ਵਾਪਿਸ ਘਰ ਆਕੇ ਕੋਈ ਜਹਿਰੀਲੀ ਚੀਜ ਖਾ ਲਈ ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਗੁਰੂਹਰਸਹਾਏ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲਿਸ ਵੱਲੋਂ ਬਣਦੀ ਕਾਰਵਾਈ ਦਾ ਭਰੋਸਾ : ਪਰਿਵਾਰ ਵੱਲੋਂ ਇੰਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਲੜਕੀ ਦੇ ਸਹੁਰਾ ਪਰਿਵਾਰ 'ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸ ਐਚ ਓ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਅਤੇ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।