ਫਿਰੋਜ਼ਪੁਰ: ਇੱਕ ਪਾਸੇ ਜਿੱਥੇ ਆਮ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ, ਉੱਥੇ ਹੀ ਹੁਣ ਸਰਕਾਰ ਨੇ ਆਮ ਲੋਕਾਂ ’ਤੇ ਇਕ ਹੋਰ ਬੋਝ ਪਾ ਦਿੱਤਾ ਹੈ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੌਰਾਨ ਚਲੀ ਵਿਸ਼ੇਸ਼ ਟਰੇਨਾਂ ਦਾ ਕਿਰਾਇਆ ਵਧਾ ਦਿੱਤਾ ਗਿਆ ਹੈ। ਦੱਸ ਦਈਏ ਕਿ ਜਿੱਥੇ ਪਹਿਲਾਂ ਟਿਕਟ 10 ਰੁਪਏ ਹੁੰਦੀ ਸੀ ਹੁਣ ਉਨ੍ਹਾਂ ਦੀਆਂ ਜੇਬਾਂ ਵਿਚੋਂ 30 ਰੁਪਏ ਕਢਵਾਏ ਜਾਂਦੇ ਹਨ। 60 ਦੀ ਥਾਂ ’ਤੇ 90 ਰੁਪਏ ਕਿਰਾਇਆ ਵਸੂਲਿਆ ਜਾ ਰਿਹਾ ਹੈ। ਇਸ ਸਬੰਧ ’ਚ ਯਾਤਰੀਆਂ ਨੇ ਕਿਹਾ ਕਿ ਸਰਕਾਰ ਦੁਆਰਾ ਵਧਾਇਆ ਗਿਆ ਕਿਰਾਇਆ ਜਾਇਜ ਨਹੀਂ ਹੈ। ਸਿਰਫ਼ ਟਰੇਨ ਦਾ ਨਾਂਅ ਬਦਲ ਕੇ ਉਨ੍ਹਾਂ ਤੋਂ 3 ਗੁਣਾ ਕਿਰਾਇਆ ਵਸੂਲਿਆ ਜਾ ਰਿਹਾ ਹੈ। ਜੋ ਕਿ ਸਹੀ ਨਹੀਂ ਹੈ। ਪਹਿਲਾਂ ਹੀ ਕੋਰੋਨਾ ਕਾਰਨ ਉਨ੍ਹਾਂ ਦੇ ਕੰਮਾਂ 'ਤੇ ਕਾਫੀ ਅਸਰ ਪਿਆ ਹੈ।
ਸਰਕਾਰ ਦੇ ਨਿਰਦੇਸ਼ਾਂ ਬਾਅਦ ਕੀਤਾ ਗਿਆ ਕਿਰਾਏ ’ਚ ਵਾਧਾ
ਇਸ ਸਬੰਧ ਵਿੱਚ ਡੀਆਰਐਮ ਦਾ ਕਹਿਣਾ ਹੈ ਕਿ ਕਿਰਾਏ ਵਿੱਚ ਜੋ ਵਾਧਾ ਕੀਤਾ ਗਿਆ ਹੈ, ਉਹ ਸਿਰਫ ਸਰਕਾਰ ਅਤੇ ਰੇਲਵੇ ਵਿਭਾਗ ਦੇ ਆਦੇਸ਼ਾਂ 'ਤੇ ਹੀ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜੋ ਟਰੇਨਾਂ ਸ਼ੁਰੂ ਕੀਤੀਆਂ ਹਨ ਉਹ ਮੇਲ ਐਕਸਪ੍ਰੈਸ ਦਾ ਨਾਂਅ ਦੇ ਕੇ ਸੁਰੂ ਕੀਤੀਆਂ ਗਈਆਂ ਹਨ। ਇਹ ਟਰੇਨਾਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਅਤੇ ਕਸ਼ਮੀਰ ਆਦਿ ਰਾਜਾਂ ਵਿੱਚ ਸੇਵਾਵਾਂ ਪ੍ਰਦਾਨ ਕਰਨਗੀਆਂ।
ਇਹ ਵੀ ਪੜੋ: ਰੇਹੜੀ ਤੇ ਮੋਟਰਸਾਈਕਲ ਅਤੇ ਗੈਸ ਸਿੰਲਡਰ ਰੱਖ ਕੇ ਕੀਤਾ ਪ੍ਰਦਰਸ਼ਨ
ਪੈਟਰੋਲ-ਡੀਜ਼ਲ ਨੇ ਕੱਢੇ ਲੋਕਾਂ ਦੇ ਅੱਖਾਂ ਚੋਂ ਹੰਝੂ
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ 'ਚ ਵਾਧਾ ਕਰ ਲੋਕਾਂ ’ਤੇ ਬੋਝ ਪਾਇਆ ਗਿਆ। ਪਰ ਹੁਣ ਟਰੇਨ ਦੇ ਕਿਰਾਏ 'ਚ ਹੋਏ ਵਾਧੇ ਨੇ ਲੋਕਾਂ ਦੀ ਜੇਬ ਨੂੰ ਹੋਰ ਖਾਲੀ ਕਰਨ ਦਾ ਕੰਮ ਕੀਤਾ ਹੈ। ਕੋਰੋਨਾ ਕਾਰਨ ਲੋਕਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਉਸ ’ਤੇ ਸਰਕਾਰ ਵੱਲੋਂ ਹਰ ਰੋਜ਼ ਕੀਤੀ ਜਾ ਰਹੀ ਮਹਿੰਗਾਈ ਆਮ ਲੋਕਾਂ ’ਤੇ ਹੋਰ ਵੀ ਜਿਆਦਾ ਬੋਝ ਪਾ ਰਿਹਾ ਹੈ।