ਫਿਰੋਜ਼ਪੁਰ: ਹੱਢ ਤੋੜਵੀਂ ਮਿਹਨਤ ਕਰਨ ਤੋਂ ਬਾਅਦ ਵੀ ਕਿਸਾਨਾਂ ਦੀ ਆਰਥਿਕ ਹਾਲਤ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਮਿਹਨਤ ਕਰਨ ਦੇ ਬਾਵਜੂਦ ਸਿਰ ’ਤੇ ਚੜ੍ਹਿਆ ਕਰਜ਼ਾ ਨਹੀਂ ਉੱਤਰ ਜਿਸਦੇ ਸਿੱਟੇ ਗੰਭੀਰ ਨਿੱਕਲ ਰਹੇ ਹਨ। ਸੂਬੇ ਵਿੱਚ ਆਏ ਦਿਨ ਕਿਸਾਨ ਖੌਫਨਾਕ ਕਦਮ ਚੁੱਕਦਾ ਵਿਖਾਈ ਦੇ ਰਿਹਾ ਹੈ। ਇੱਕੋ ਹੀ ਫਸਲ ਵਾਰ ਵਾਰ ਬੀਜਣ ਦੇ ਚੱਲਦੇ ਕਿਸਾਨਾਂ ਨੂੰ ਉਸਦਾ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਕਿਉਂਕਿ ਜਿਸ ਕਾਰਨ ਉਨ੍ਹਾਂ ਨੂੰ ਫਸਲਾਂ ਬਦਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਤਾਂ ਕਿ ਫਸਲ ਦਾ ਸਹੀ ਮੁੱਲ ਮਿਲ ਸਕੇ। ਇਸਦੇ ਚੱਲਦੇ ਹੀ ਮਹਿੰਗੀਆਂ ਹੋਈਆਂ ਤੇਲ ਕੀਮਤਾਂ ਦੇ ਚੱਲਦੇ ਪੰਜਾਬ ਦਾ ਕਿਸਾਨ ਸਰੋਂ ਦੀ ਖੇਤੀ ਕਰਨ ਵੱਲ ਵਧ ਰਿਹਾ (Increased trend of farmers towards mustard cultivation) ਹੈ।
ਫਿਰੋਜ਼ਪੁਰ ਦੇ ਕਿਸਾਨਾਂ ਨਾਲ ਖਾਸ ਗੱਲਬਾਤ: ਕਿਸਾਨ ਹੁਣ ਕਣਕ-ਝੋਨੇ ਦੀ ਬਿਜਾਈ ਨੂੰ ਛੱਡ ਵੱਖ ਵੱਖ ਫ਼ਸਲਾਂ ਦੀ ਖੇਤੀ ਕਰਨ ਵੱਲ ਉਤਸ਼ਾਹਿਤ ਹੋ ਰਹੇ ਹਨ। ਕਿਸਾਨਾਂ ਵੱਲੋਂ ਵੱਧ ਚੜ੍ਹ ਕੇ ਸਰ੍ਹੋਂ ਦੀ ਖੇਤੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਇਸ ਪੂਰੀ ਕਹਾਣੀ ਨੂੰ ਸਮਝਣ ਲਈ ਈਟੀਵੀ ਭਾਰਤ ਦੀ ਟੀਮ ਵੱਲੋਂ ਕਿਸਾਨਾਂ ਨਾਲ ਖੇਤ ਵਿੱਚ ਪਹੁੰਚ ਕੇ ਖਾਸ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਫ਼ਿਰੋਜ਼ਪੁਰ ਦੇ ਪਿੰਡ ਲੋਹਕੇ ਕਲਾਂ ਦੇ ਕਿਸਾਨਾਂ ਨੇ ਦੱਸਿਆ ਕਿ ਸਰ੍ਹੋਂ ਦਾ ਤੇਲ ਜੋ ਘਰ ਵਿੱਚ ਵਰਤੋਂ ਵਿੱਚ ਲਿਆ ਜਾਂਦਾ ਹੈ ਉਸਦੀ ਬਾਜ਼ਾਰ ਵਿੱਚ ਬਹੁਤ ਮੰਗ ਹੈ ਅਤੇ ਉਸਦੀ ਕੀਮਤ ਵੀ ਕਾਫੀ ਮਹਿੰਗੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਦੀ ਖੇਤੀ ਕਰਨ ਨਾਲ ਘਰ ਦੀ ਵਰਤੋਂ ਵੀ ਪੂਰੀ ਹੋ ਜਾਵੇਗੀ ਤੇ ਇਸ ਨੂੰ ਬੀਜਣ ਨਾਲ ਸਾਡੀ ਕਮਾਈ ਵੀ ਵਧ ਜਾਵੇਗੀ।
ਕਿੰਨ੍ਹੀ ਹੁੰਦੀ ਹੈ ਸਰੋਂ ਦੀ ਫਸਲ ਦੀ ਇੱਕ ਕਿੱਲੇ ’ਚੋਂ ਕਮਾਈ: ਉਨ੍ਹਾਂ ਦੱਸਿਆ ਕਿ ਇਸਦਾ ਬਾਜ਼ਾਰ ਵਿੱਚ ਰੇਟ 7500 ਦੇ ਕਰੀਬ ਹੈ ਤੇ ਇਹ ਇੱਕ ਕਿੱਲੇ ਵਿੱਚੋਂ 8-9 ਕੁਇੰਟਲ ਦੇ ਹਿਸਾਬ ਨਾਲ 60 ਤੋਂ 70 ਹਜ਼ਾਰ ਰੁਪਏ ਦੀ ਫਸਲ ਨਿਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰੇਟ ਵਧਦੇ ਘਟਦੇ ਰਹਿੰਦੇ ਹਨ ਉਸੇ ਤਰ੍ਹਾਂ ਉਸ ਜ਼ਿਮੀਂਦਾਰ ਦੀ ਕਮਾਈ ਵਧਦੀ ਘਟਦੀ ਹੈ ਪਰ ਨੁਕਸਾਨ ਨਹੀਂ ਹੁੰਦਾ। ਕਿਸਾਨਾਂ ਨੇ ਦੱਸਿਆ ਕਿ ਸਰ੍ਹੋਂ ਦੀ ਖੇਤੀ ਵਿੱਚ ਬਿਜਾਈ ਸਮੇਂ ਬੀਜ ਬਹੁਤ ਹੀ ਸਸਤਾ ਮਿਲਦਾ ਹੈ ਜੋ ਕਿ ਯੂਨੀਵਰਸਿਟੀ ਤੋਂ ਡੇਢ ਦੋ ਸੌ ਰੁਪਏ ਦੇ ਕਰੀਬ ਕਿੱਲੇ ਦਾ ਮਿਲਦਾ ਹੈ ਪਰ ਬਾਜ਼ਾਰ ਵਿੱਚੋਂ 1700 ਰੁਪਏ ਦੇ ਕਰੀਬ ਕਿੱਲੇ ਦਾ ਬੀਜ ਮਿਲਦਾ ਹੈ। ਕਿਸਾਨਾਂ ਇਸਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਨੂੰ ਬੀਜਣ ਵਾਸਤੇ ਨਾ ਤਾਂ ਵੱਧ ਪਾਣੀ ਦੀ ਜ਼ਰੂਰਤ ਹੈ ਤੇ ਨਾ ਹੀ ਬਿਜਲੀ ਦੀ ਜ਼ਰੂਰਤ ਪੈਂਦੀ ਹੈ।
ਸਰੋਂ ਦੀ ਫਸਲ ਲਈ ਨਹੀਂ ਕਿਸੇ ਖਾਦ ਦੀ ਜ਼ਰੂਰਤ: ਕਿਸਾਨਾਂ ਨੇ ਕਿਹਾ ਕਿ ਸਰ੍ਹੋਂ ਦੀ ਫਸਲ ਲਈ ਕਿਸੇ ਤਰ੍ਹਾਂ ਦੇ ਡਾਈ, ਰੇਅ ਖਾਦ ਕਿਸੇ ਦੀ ਛਿੜਕਾਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਜਿਸਦੇ ਚੱਲਦੇ ਕਿਸਾਨ 1600 -1700 ਰੁਪਏ ਬਚ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਹੁਣ ਹੌਲੀ-ਹੌਲੀ ਦੂਸਰੀਆਂ ਫ਼ਸਲਾਂ ਬੀਜਣ ਬਾਰੇ ਸੋਚ ਰਿਹਾ ਹੈ ਤੇ ਸਾਡੇ ਵੱਲੋਂ ਵੀ ਸਰਕਾਰ ਨੂੰ ਅਪੀਲ ਹੈ ਕਿ ਇਸ ਦਾ ਭਾਅ ਇੱਕ ਬੰਨ੍ਹਿਆ ਜਾਵੇ ਤਾਂ ਜੋ ਕਿਸਾਨ ਇਸ ਦੀ ਖੇਤੀ ਵੱਧ ਚੜ੍ਹ ਖੇਤੀ ਕਰ ਸਕੇ ਆਪਣੇ ਸਿਰ ’ਤੇ ਚੜ੍ਹੀ ਕਰਜ਼ੇ ਦੀ ਪੰਡ ਲਾਹ ਸਕੇ।
ਬਰਨਾਲਾ ਦੇ ਕਿਸਾਨਾਂ ਨਾਲ ਗੱਲਬਾਤ: ਇਸ ਸਬੰਧੀ ਬਰਨਾਲਾ ਦੇ ਕਿਸਾਨਾਂ ਨਾਲ ਵੀ ਖਾਸ ਗੱਲਬਾਤ ਕੀਤੀ ਗਈ ਹੈ। ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਸਰ੍ਹੋਂ ਦੇ ਤੇਲ ਦੀ ਕੀਮਤ ਵਧਣ ਕਰਕੇ ਉਹਨਾਂ ਵਲੋਂ ਸਰ੍ਹੋਂ ਦੀ ਫ਼ਸਲ ਵੱਡੇ ਪੱਧਰ ਤੇ ਬੀਜੀ ਗਈ ਹੈ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੇ ਕਾਫ਼ੀ ਰਕਬੇ ਵਿੱਚ ਸਰ੍ਹੋਂ ਦੀ ਫ਼ਸਲ ਬੀਜੀ ਹੈ। ਇਸ ਨਾਲ ਜਿੱਥੇ ਫ਼ਸਲੀ ਵਿਭਿੰਨਤਾ ਅਪਨਾਈ ਹੈ, ਉਥੇ ਪਾਣੀ ਦੀ ਵੀ ਬੱਚਤ ਹੋਈ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਸਰ੍ਹੋਂ ਦੀ ਫ਼ਸਲ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਹੈ। ਉਥੇ ਕਿਸਾਨਾਂ ਨੇ ਕਿਹਾ ਕਿ ਇੱਕ ਏਕੜ ਵਿੱਚੋਂ 15 ਤੋਂ 20 ਕੁਵਿੰਟਲ ਫ਼ਸਲ ਨਿਕਲਦੀ ਹੈ। ਜੋ ਬਹੁਤ ਵਧੀਆ ਹੈ। ਪਰ ਕਿਸਾਨਾਂ ਨੂੰ ਇਸ ਫ਼ਸਲ ਦਾ ਕਣਕ-ਝੋਨੇ ਵਾਂਗ ਮੰਡੀਕਰਨ ਅਤੇ ਐਮਐਸਪੀ ਨਹੀਂ ਮਿਲਦਾ। ਜਿਸ ਕਰਕੇ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਨਵੀਂ ਸਰਕਾਰ ਆਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਾਫ਼ੀ ਉਮੀਦਾਂ ਹਨ। ਸਰਕਾਰ ਇਹਨਾਂ ਸਰ੍ਹੋਂ ਤੇ ਮੱਕੀ ਵਰਗੀਆਂ ਫ਼ਸਲਾਂ ਤੇ ਐਮਐਸਪੀ ਦੇਵੇ ਤਾਂ ਜੋ ਕਿਸਾਨ ਉਤਸ਼ਾਹਿਤ ਹੋ ਸਕਣ।
ਇਹ ਵੀ ਪੜ੍ਹੋ: ਤੇਲ ਦੀਆਂ ਵਧੀਆਂ ਕੀਮਤਾਂ: ਕਿਸਾਨਾਂ ਦਾ ਸਰੋਂ ਦੀ ਕਾਸ਼ਤ ਵੱਲ ਵਧਿਆ ਰੁਝਾਨ, ਮੰਡੀਕਰਨ ਤੇ ਐਮਐਸਪੀ ਦੀ ਮੰਗ