ਫਿਰੋਜ਼ਪੁਰ: ਪਿੰਡ ਹਬੀਬ ਵਾਲਾ ਵਿਖੇ ਵੱਡੀ ਪੱਧਰ 'ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਰੋਕਣ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਬੁਰੀ ਤਰ੍ਹਾਂ ਅਸਫਲ ਸਿੱਧ ਹੋ ਰਿਹਾ ਹੈ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਕਤ ਜਗ੍ਹਾ 'ਤੇ ਸਰਕਾਰ ਵੱਲੋਂ ਰੇਤਾ ਕੱਢਣ ਲਈ ਖੱਡ ਮਨਜ਼ੂਰ ਕੀਤੀ ਗਈ ਸੀ, ਪਰ ਮਾਈਨਿੰਗ ਕਰਨ ਵਾਲੇ ਠੇਕੇਦਾਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਸ਼ਹਿ 'ਤੇ ਮਨਜ਼ੂਰਸ਼ੁਦਾ ਥਾਂ ਤੋਂ ਰੇਤਾ ਚੁੱਕਣ ਤੋਂ ਬਾਅਦ ਆਸ-ਪਾਸ ਦੀਆਂ ਜ਼ਮੀਨਾਂ ਵਿੱਚੋਂ ਵੀ ਨਾਜਾਇਜ਼ ਮਾਈਨਿੰਗ ਦਾ ਧੰਦਾ ਸ਼ੁਰੂ ਕਰ ਦਿੱਤਾ ਗਿਆ ਜੋ ਅੱਜ ਵੀ ਪ੍ਰਸ਼ਾਸਨ ਦੀ ਨੱਕ ਥੱਲੇ ਧੜੱਲੇ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਖੱਡ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਪ੍ਰਤੀ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਇਹ ਖੱਡਾ ਕਥਿਤ ਤੌਰ 'ਤੇ ਕਾਂਗਰਸੀ ਸਿਆਸੀ ਆਗੂ ਜਸਮੇਲ ਸਿੰਘ ਲਾਡੀ ਗਹਿਰੀ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਡੇਢ-ਦੋ ਮਹੀਨੇ ਤੋਂ ਚੱਲ ਰਹੀ ਰੇਤਾ ਦੀ ਖੱਡ ਤੋਂ ਰੇਤਾ ਦੇ ਓਵਰਲੋਡ ਭਰੇ ਟਰਾਲਿਆਂ ਦੇ ਲੰਘਣ ਕਾਰਨ ਸੜਕਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਅਤੇ ਇਨ੍ਹਾਂ ਟਰਾਲਿਆਂ ਵਾਲਿਆਂ ਵੱਲੋਂ ਕਥਿਤ ਤੌਰ 'ਤੇ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਵੀ ਕੀਤਾ ਜਾਂਦਾ ਹੈ।