ਫ਼ਿਰੋਜ਼ਪੁਰ: ਗਵਰਨਰ ਬਨਵਾਰੀ ਲਾਲ ਪਰੋਹਿਤ ਨੇ ਬੁੱਧਵਾਰ ਨੂੰ ਹੁਸੈਨੀਵਾਲਾ ਸ਼ਹੀਦੀ ਸਮਾਰਕ ਵਿਖੇ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸਮਾਧੀ ਤੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੌਰਾਨ ਗਵਰਨਰ ਬਨਵਾਰੀ ਲਾਲ ਪਰੋਹਿਤ ਨੇ ਬੀਐੱਸਐਫ ਹੈੱਡ ਕੁਆਟਰ ਵਿਖੇ ਬੀਐੱਸਐਫ ਦੇ ਅਧਿਕਾਰੀਆਂ ਨਾਲ ਮੁਲਾਕਾਤ ਵੀ ਕੀਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਆਈ.ਜੀ. ਇੰਦਰਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ ਵਿਖੇ ਸ਼ਰਧਾ ਦੇ ਫੁੱਲ੍ਹ ਭੇਂਟ ਕਰਨ ਤੋਂ ਬਾਅਦ ਉਨ੍ਹਾਂ ਨੇ ਵਿਜਟਰ ਬੁੱਕ 'ਤੇ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ, ਆਪਣੇ ਵਿਚਾਰ ਵੀ ਲਿਖੇ। ਇਸ ਮੌਕੇ 'ਤੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ, ਡੀਆਈਜੀ ਬੀਐੱਸਐੱਫ ਸੁਰਿੰਦਰ ਮਹਿਤਾ ਤੋਂ ਇਲਾਵਾ ਬਾਕੀ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਪੰਜਾਬ ਦੇ ਨਵੇਂ ਰਾਜਪਾਲ 27 ਅਗਸਤ ਨੂੰ ਨਿਯੁਕਤ ਕੀਤੇ ਸਨ
ਪੰਜਾਬ ਦੇ ਨਵੇਂ ਰਾਜਪਾਲ ਵਜੋਂ ਬਨਵਾਰੀ ਲਾਲ ਪਰੋਹਿਤ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਤਾਮਿਲਨਾਡੂ ਦੇ ਰਾਜਪਾਲ ਵਜੋਂ ਸੇਵਾ ਨਿਭਾ ਰਹੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਵਲੋਂ ਵਾਧੂ ਕਾਰਜਭਾਰ ਸੌਂਪਿਆ ਗਿਆ ਸੀ। ਇਸ ਤੋਂ ਪਹਿਲਾਂ ਵੀ.ਪੀ ਸਿੰਘ ਬਦਨੌਰ ਪੰਜਾਬ ਦੇ ਰਾਜਪਾਲ ਸੀ, ਜਿਨ੍ਹਾਂ ਦਾ ਕਾਰਜਕਾਲ 22 ਅਗਸਤ ਨੂੰ ਖ਼ਤਮ ਹੋ ਗਿਆ ਸੀ।
ਬਨਵਾਰੀ ਲਾਲ ਪਰੋਹਿਤ ਬਾਰੇ ਜਾਣਕਾਰੀ
ਦੱਸ ਦਈਏ ਕਿ ਬਨਵਾਰੀ ਲਾਲ ਪਰੋਹਿਤ ਜਿਨ੍ਹਾਂ ਦਾ ਜਨਮ 16 ਅਪ੍ਰੈਲ 1940 ਨੂੰ ਰਾਜਸਥਾਨ ਦੇ ਝੁਨਝੁਨੂ ਸ਼ਹਿਰ 'ਚ ਹੋਇਆ। ਜਿਨ੍ਹਾਂ ਨੂੰ 30 ਸਤੰਬਰ 2017 'ਚ ਤਾਮਿਲਨਾਡੂ ਦਾ 15ਵਾਂ ਰਾਜਪਾਲ ਨਿਯੁਕਤ ਕੀਤਾ ਗਿਆ। ਉਨ੍ਹਾਂ 6 ਅਕਤੂਬਰ 2017 ਨੂੰ ਤਾਮਿਲਨਾਡੂ ਦੇ ਰਾਜਪਾਲ ਵਜੋਂ ਅਹੁੱਦਾ ਸੰਭਾਲਿਆ।
ਇਸ ਤੋਂ ਪਹਿਲਾਂ ਉਹ ਅਸਾਮ ਅਤੇ ਮੇਘਾਲਿਆ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਬਨਵਾਰੀ ਲਾਲ ਪਰੋਹਿਤ ਨਾਗਪੁਰ ਤੋਂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਦੋ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਇੱਕ ਵਾਰ ਭਾਜਪਾ ਵਲੋਂ ਮੈਂਬਰ ਰਹਿ ਚੁੱਕੇ ਹਨ। ਬਨਵਾਰੀ ਲਾਲ ਪਰੋਹਿਤ ਮੌਜੂਦਾ ਸਮੇਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਹਨ।
ਬਨਵਾਰੀ ਲਾਲ ਪਰੋਹਿਤ ਨੇ ਨਾਗਪੁਰ ਯੂਨੀਵਰਸਿਟੀ ਤੋਂ ਬੀ. ਕਾੱਮ ਦੀ ਸਿੱਖਿਆ ਹਾਸਲ ਕੀਤੀ ਹੈ। ਪ੍ਰੋਫੈਸ਼ਨ ਵਜੋਂ ਇਹ ਰਾਜਨੀਤੀ ਤੋਂ ਇਲਾਵਾ ਸਮਾਜ ਸੇਵੀ ਅਤੇ ਪੱਤਰਕਾਰੀ 'ਚ ਵੀ ਕੰਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਅਖ਼ਬਾਰੀ ਖੇਤਰ 'ਚ ਕੰਮ ਕਰ ਰਹੇ ਹਨ। ਬਨਵਾਰੀ ਲਾਲ ਪਰੋਹਿਤ 1911 ਵਿਚ ਗੋਪਾਲ ਕ੍ਰਿਸ਼ਨ ਗੋਖਲੇ ਦੁਆਰਾ ਸ਼ੁਰੂ ਕੀਤੇ ਗਏ ਰੋਜ਼ਾਨਾ ਅਖ਼ਬਾਰ ਦਿ ਹਿਤਵਾਦਾ ਦੇ ਮੈਨੇਜਿੰਗ ਸੰਪਾਦਕ ਵੀ ਹਨ। ਇਸ ਤੋਂ ਇਲਾਵਾ ਉਹ ਰਾਮਦਿਓ ਬਾਬਾ ਕਾਲਜ ਆਫ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਦੇ ਚੇਅਰਮੈਨ ਵੀ ਹਨ।
ਇਹ ਵੀ ਪੜੋ:- ਹਰਭਜਨ ਸਿੰਘ ਲੜਨਗੇ ਵਿਧਾਨ ਸਭਾ ਚੋਣਾਂ?