ਚੰਡੀਗੜ੍ਹ: ਅਕਸਰ ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਨੂੰ ਲੈਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਇੱਕ ਫਿਰ ਪੁਲਿਸ ਵਿਵਾਦਾਂ ਵਿੱਚ ਘਿਰੀ ਹੈ। ਇੱਕ ਕੈਦੀ ਉੱਤੇ ਤਸ਼ੱਦਦ ਨੂੰ ਲੈਕੇ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆਈ ਹੈ। ਇੱਕ ਕੈਦੀ ਨੇ ਕਪੂਰਥਲਾ ਅਦਾਲਤ ਵਿੱਚ ਆਪਣੀ ਕਮੀਜ਼ ਲਾ ਕੇ ਜੱਜ ਨੂੰ ਦਿਖਾਈ ਤਾਂ ਉਸਦੇ ਸਰੀਰ ਉੱਤੇ ਗੈਂਗਸਟਰ ਲਿਖਿਆ (Gangster written on prisoner back) ਦਿਖਾਈ ਦਿੱਤਾ। ਪੰਜਾਬ ਪੁਲਿਸ ਦੇ ਇਸ ਤਸ਼ੱਦਦ ਨੂੰ ਲੈਕੇ ਹਰ ਇੱਕ ਦੇਖਣ ਵਾਲੇ ਦੇ ਰੌਂਗਟੇ ਖੜ੍ਹੇ ਹੋ ਗਏ। ਜਾਣਕਾਰੀ ਅਨੁਸਾਰ ਕੈਦੀ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਕਪੂਰਥਲਾ ਸੈਸ਼ਨ ਕੋਰਟ ਵਿੱਚ ਕੇਸ ਨੂੰ ਲੈਕੇ ਲਿਆਂਦਾ ਗਿਆ ਸੀ। ਇਹ ਵੀ ਸਾਹਮਣੇ ਆਇਆ ਕਿ ਗਰਮ ਰਾਡ ਦੀ ਵਰਤੋਂ ਕਰਕੇ ਕੈਦੀ ਦੀ ਪਿੱਠ ਉੱਤੇ ਗੈਂਗਸਟਰ ਲਿਖਿਆ ਗਿਆ ਹੈ।
ਕੈਦੀ ਵੱਲੋਂ ਦਿਖਾਈਆਂ ਇੰਨ੍ਹਾਂ ਤਸਵੀਰਾਂ ਨੂੰ ਲੈਕੇ ਅਤੇ ਉਸਦੀ ਅਪੀਲ ਤੇ ਜੱਜ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ। ਜਾਣਕਾਰੀ ਅਨੁਸਾਰ ਮੁਲਜ਼ਮ ਖਿਲਾਫ਼ ਕਪੂਰਥਲਾ ਦੇ ਥਾਣਾ ਢਿਲਵਾਂ ਵਿਖੇ ਸਾਲ 2017 ਵਿੱਚ ਐਫਆਈਆਰ ਨੰਬਰ 23 ਅਧੀਨ ਸਬੰਧੀ ਲੁੱਟ ਦੀ ਯੋਜਨਾ ਬਣਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਤਰਸੇਮ ਸਿੰਘ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਫਿਲਹਾਲ ਉਹ ਫਿਰੋਜ਼ਪੁਰ ਜੇਲ੍ਹ ਵਿੱਚ ਆਪਣੀ ਸਜ਼ਾ ਭੁਗਤ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ 20 ਅਗਸਤ ਨੂੰ ਕੈਦੀ ਦੀ ਮੈਡੀਕਲ ਰਿਪੋਰਟ ਸੌਂਪੀ ਜਾਵੇਗੀ। ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਵਿੱਚ ਪਤਾ ਲੱਗਾ ਹੈ ਕਿ ਗਰਮ ਰਾਡ ਨਾਲ ਮੁਲਜ਼ਮ ਦੀ ਪਿੱਠ ਉੱਤੇ ਗੈਂਗਸਟਰ ਲਿਖਿਆ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਫਗਾਨਿਸਤਾਨ ਤੋਂ ਆਏ ਟਰੱਕ ’ਚੋਂ ਮਿਲਿਆ ਇੱਕ ਕਿੱਲੋ ਦੇ ਕਰੀਬ RDX