ਫਿਰੋਜ਼ਪੁਰ: ਕਿਹਾ ਜਾਂਦਾ ਹੈ ਕਿ ਫੌਜੀ ਨੌਜਵਾਨ ਰਾਤਾਂ ਨੂੰ ਜਾਗਦੇ ਨੇ, ਇਸ ਲਈ ਹੀ ਸਾਰਾ ਦੇਸ਼ ਚੈਨ ਦੀ ਨੀਂਦ ਸੌਂਦਾ ਹੈ, ਉਸ ਫੌਜੀ ਦਾ ਇੱਕ ਪਰਿਵਾਰ ਨਹੀਂ ਬਲਕਿ ਪੂਰਾ ਦੇਸ਼ ਹੀ ਉਸ ਦਾ ਪਰਿਵਾਰ ਹੁੰਦਾ ਹੈ, ਜਦੋਂ ਕੋਈ ਫੌਜੀ ਨੌਜਵਾਨ ਸ਼ਹੀਦ ਹੁੰਦਾ ਹੈ ਤਾਂ ਪੂਰਾ ਦੇਸ਼ ਇਸ ਗਮ ਵਿੱਚ ਡੁੱਬ ਜਾਂਦਾ ਹੈ ਅਤੇ ਲੰਬਾ ਸਮਾਂ ਇਸ ਦੁੱਖ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦਾ।
ਇਸੇ ਤਰ੍ਹਾਂ ਹੀ 10 ਜੁਲਾਈ 1993 ਨੂੰ ਜਨਮੇ ਕੁਲਦੀਪ ਸਿੰਘ ਆਪਣੇ ਜਨਮਦਿਨ ਵਾਲੇ ਦਿਨ ਹੀ ਸ਼ਹੀਦ ਹੋ ਗਏ। 2014 ਵਿੱਚ ਭਰਤੀ ਕੁਲਦੀਪ ਸਿੰਘ ਜੋ ਇੱਕੀ ਸਿੱਖ ਰੈਜੀਮੈਂਟ ਵਿਚ ਚੀਨ ਦੇ ਬਾਰਡਰ ਬੁਮਲਾ ਸੈਕਟਰ ਵਿਚ ਆਪਣੀ ਡਿਊਟੀ ਦੇ ਰਿਹਾ ਸੀ, 10 ਜੁਲਾਈ ਕਰੀਬ ਦੋ ਵਜੇ ਅਟੈਕ ਹੋਣ ਨਾਲ ਸ਼ਹੀਦ ਹੋ ਗਿਆ।
ਜ਼ਿਕਰਯੋਗ ਹੈ ਕਿ ਸ਼ਹੀਦ ਕੁਲਦੀਪ ਸਿੰਘ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ, ਜਿਸ ਦਾ ਇੱਕ ਡੇਢ ਸਾਲ ਦਾ ਲੜਕਾ ਹੈ, ਪਰਿਵਾਰ ਵਿੱਚ ਉਸ ਦੀ ਮਾਤਾ, ਪਤਨੀ, ਇਕ ਭਰਾ, ਤਿੰਨ ਭੈਣਾਂ ਹਨ, ਜਿਸ ਦੀ ਦੇਹ ਨੂੰ ਅੱਜ ਹਲਕਾ ਜ਼ੀਰਾ ਦੇ ਪਿੰਡ ਲੋਹਕੇ ਕਲਾਂ ਲਿਆਂਦਾ ਗਿਆ ਅਤੇ ਪੂਰੇ ਮਾਣ ਸਨਮਾਨ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ, ਉਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐਮ ਜ਼ੀਰਾ ਅਰਵਿੰਦ ਪ੍ਰਕਾਸ਼ ਵਰਮਾ ਤੋਂ ਇਲਾਵਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ, ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਜੀ ਓ ਜੀ ਤੋਂ ਕਰਨਲ ਕਸ਼ਮੀਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਤੇ ਗਮਗੀਨ ਮਾਹੌਲ ਵਿੱਚ ਇਸ ਸ਼ਹੀਦ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ:ਸੜਕ 'ਤੇ ਡਿੱਗਿਆ ਮਿਲਿਆ ਨਸ਼ੇੜੀ...ਸਮਾਜ ਸੇਵਾ ਸੁਸਾਇਟੀ ਨੇ ਕੀਤੀ ਮਦਦ, ਦੇਖੋ ਵੀਡੀਓ