ਫ਼ਿਰੋਜ਼ਪੁਰ: ਸ਼ਹਿਰ ਦੇ ਸ਼ਾਂਤੀ ਨਗਰ ਨਾਲ ਲੱਗਦੀ ਪੁੱਡਾ ਕਲੋਨੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਲੋਨੀ ਦੇ ਇੱਕ ਖਾਲ੍ਹੀ ਪਏ ਪਲਾਟ ਦੇ ਨੇੜੇ ਝਾੜੀਆਂ ਦੇ ਵਿੱਚ ਇੱਕ ਜ਼ਿੰਦਾ ਹੈਂਡ ਗ੍ਰਨੇਡ ਮਿਲਿਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ।
ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੂੰ ਜ਼ਿੰਦਾ ਹੈਂਡ ਗ੍ਰਨੇਡ ਉਸ ਸਮੇਂ ਮਿਲਿਆ ਜਦੋਂ ਉਹ ਝਾੜੀਆਂ ਦੀ ਸਫ਼ਾਈ ਕਰ ਰਹੇ ਸਨ। ਹੈਂਡ ਗ੍ਰਨੇਡ ਜੋ ਕਿ ਪੁਰੀ ਤਰਾਂ ਜੰਗਾਲ ਨਾਲ ਭਰਿਆ ਪਿਆ ਸੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਪੁਲਿਸ ਅਤੇ ਆਰਮੀ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ, ਆਰਮੀ ਅਤੇ ਐੱਸਐੱਚਓ ਜਤਿੰਦਰ ਸਿੰਘ ਨੇ ਹੈਂਡ ਗ੍ਰਨੇਡ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸਐੱਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਪੁੱਡਾ ਕਲੋਨੀ ਦੇ ਖਾਲ੍ਹੀ ਪਏ ਪਲਾਟ ਵਿੱਚ ਇਕ ਬੰਬ ਦੀ ਸੂਚਨਾ ਮਿਲਣ 'ਤੇ ਅਸੀਂ ਮੌਕੇ ਤੇ ਜਾ ਕੇ ਬੰਬ ਨੂੰ ਆਪਣੇ ਕਬਜੇ ਵਿਚ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੰਬ ਇੱਕ ਪੁਰਾਣਾ ਬੰਬ ਹੈ ਜਿਸਦੀ ਵਰਤੋਂ ਫੌਜ ਕਰਦੀ ਹੈ। ਫੌਜ ਨੂੰ ਵੀ ਸੂਚਨਾ ਦੇ ਦਿਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਬੰਬ ਦੀ ਪਿੰਨ ਵੀ ਨਿਕਲੀ ਹੋਈ ਹੈ ਪਰ ਜ਼ਿੰਦਾ ਹਾਲਾਤ ਵਿੱਚ ਹੈ।