ਫ਼ਿਰੋਜ਼ਪੁਰ: ਸੀਨੀਅਰ ਸਿਟੀਜ਼ਨ ਮੇਟਿਨੇਂਸ ਐਕਟ ਤਹਿਤ ਇੱਕ ਬਜ਼ੁਰਗ ਜੋੜੇ ਨੇ ਫ਼ਿਰੋਜ਼ਪੁਰ ਡਿਪਟੀ ਕਮਿਸ਼ਨਰ ਕੋਲ ਮਦਦ ਦੀ ਗੁਹਾਰ ਲਗਾਈ ਸੀ। ਆਪਣਾ ਘਰ ਹੋਣ ਦੇ ਬਾਵਜੂਦ ਨੂੰਹ ਦੇ ਨਾਲ ਵਿਵਾਦ ਦੇ ਚੱਲਦਿਆਂ ਫ਼ਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਚਾਂਬ ਦਾ ਇੱਕ ਬਜ਼ੁਰਗ ਜੋੜਾ ਘਰ ਤੋਂ ਬਾਹਰ ਰਹਿ ਰਿਹਾ ਸੀ। ਉਨ੍ਹਾਂ ਦੀ ਮਦਦ ਲਈ ਖੁਦ ਡਿਪਟੀ ਕਮਿਸ਼ਨਰ ਚੰਦਰ ਗੈਂਦ ਉਨ੍ਹਾਂ ਦੇ ਘਰ ਪਹੁੰਚੇ ਅਤੇ ਦੋਵਾਂ ਬਜ਼ੁਰਗਾਂ ਦੀ ਘਰ ਵਾਪਸੀ ਕਰਵਾਈ।
ਡਿਪਟੀ ਕਮਿਸ਼ਨਰ ਨੇ ਬਜ਼ੁਰਗ ਮਾਤਾ ਪਿਤਾ ਦੇ ਸਬੰਧਿਤ ਕਮਰਿਆਂ ਨੂੰ ਤਾਲਾ ਲਗਵਾ ਕੇ ਚਾਬੀਆਂ ਉਨ੍ਹਾਂ ਨੂੰ ਸੌਂਪ ਦਿੱਤੀਆਂ। ਪੀੜਤ ਸਲਵਿੰਦਰ ਸਿੰਘ ਅਤੇ ਮਹਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਕੋਲ ਸੀਨੀਅਰ ਸਿਟੀਜ਼ਨ ਮੇਟਿਨੇਂਸ ਐਕਟ ਤਹਿਤ ਮਦਦ ਦੀ ਗੁਹਾਰ ਲਗਾਈ ਸੀ। ਬਜ਼ੁਰਗ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਮਹਿੰਦਰ ਕੌਰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਈ ਅਤੇ ਦੱਸਿਆ ਕਿ ਆਪਣਾ ਘਰ ਹੋਣ ਦੇ ਬਾਵਜੂਦ ਉਹ ਰਿਸ਼ਤੇਦਾਰਾਂ ਕੋਲ ਭਟਕ ਰਹੇ ਹਨ। ਮਹਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਰ ਵਿਚ ਰਹਿਣ ਨਹੀਂ ਦਿੱਤਾ ਜਾ ਰਿਹਾ ਅਤੇ ਨਾਲ ਹੀ ਉਨ੍ਹਾਂ ਦੀ ਜ਼ਮੀਨ ਤੇ ਖੇਤੀ ਵੀ ਨਹੀਂ ਕਰਨ ਦਿੱਤੀ ਜਾ ਰਹੀ। ਡਿਪਟੀ ਕਮਿਸ਼ਨਰ ਦੋਵਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਲਈ ਖ਼ੁਦ ਪਿੰਡ ਚਾਂਬ ਪਹੁੰਚੇ। ਹਾਈਕੋਰਟ ਦੇ ਆਦੇਸ਼ਾਂ ਮੁਤਾਬਕ ਦੋ ਕਮਰੇ ਨੂੰਹ ਦੇ ਛੱਡ ਕੇ ਬਾਕੀ ਘਰ ਦਾ ਕਬਜ਼ਾ ਬਜ਼ੁਰਗਾਂ ਨੂੰ ਦਵਾਇਆ। ਉਨ੍ਹਾਂ ਬਜ਼ੁਰਗਾਂ ਨੂੰ ਕਿਹਾ ਕਿ ਉਹ ਬੇਫ਼ਿਕਰ ਹੋ ਕੇ ਆਪਣੇ ਘਰ ਵਿੱਚ ਰਹਿਣ ਅਤੇ ਜੇਕਰ ਕੋਈ ਉਨ੍ਹਾਂ ਨੂੰ ਤੰਗ ਕਰਦਾ ਹੈ ਤਾਂ ਉਹ ਮੱਖੂ ਥਾਣੇ ਦੇ ਪ੍ਰਭਾਰੀ ਬਚਨ ਸਿੰਘ ਨੂੰ ਸੂਚਿਤ ਕਰਨ।