ਫਿਰੋਜ਼ਪੁਰ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜ਼ੀਰਾ ਵਿਖੇ ਕਿਸਾਨ ਮਜ਼ਦੂਰ ਮਹਾਪੰਚਾਇਤ (Kisan Mazdoor Mahapanchayat) ਕੀਤੀ ਗਈ। ਇਸ ਦੌਰਾਨ ਕਿਸਾਨਾਂ ਦੇ ਵੱਲੋਂ ਲਖੀਮਪੁਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਅਤੇ ਨਾਲ ਹੀ ਗੁੱਸੇ ਦੇ ਵਿੱਚ ਆਏ ਕਿਸਾਨਾਂ ਦੇ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ।
ਇਸ ਮੌਕੇ ਬੋਲਦੇ ਹੋਏ ਕਿਸਾਨ ਆਗੂ ਸੁਰਜੀਤ ਸਿੰਘ ਫੂਲ (Surjit Singh Phool) ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਮੋਦੀ ਦਾ ਪੁਤਲਾ ਫੂਕਣ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਕਿਉਂਕਿ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਇਹ ਦਿਨ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ।
ਇਸ ਲਈ ਇਸ ਦਿਨ ਨੂੰ ਮੋਦੀ ਤੇ ਉਸਦੇ ਸਾਥੀਆਂ ਦਾ ਪੁਤਲਾ ਫੂਕ ਕੇ ਇਸ ਮਹਾਪੰਚਾਇਤ ਦੀ ਸਮਾਪਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਰਡਰ ਇਲਾਕਿਆਂ ਵਿੱਚ ਬੀਐੱਸਐੱਫ ਦਾ ਘੇਰਾ ਜੋ ਪੰਦਰਾਂ ਕਿਲੋਮੀਟਰ ਤੋਂ ਵਧਾ ਕੇ ਪੰਜਾਹ ਕਿਲੋਮੀਟਰ ਕਰ ਦਿੱਤਾ ਗਿਆ ਹੈ ਉਸ ਨਾਲ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਆਉਣਗੀਆਂ ਜਿਸ ਨੂੰ ਸਟੇਜ ਉੱਪਰੋਂ ਮਤੇ ਰਾਹੀਂ ਲੋਕਾਂ ਦੀ ਸਹਿਮਤੀ ਨਾਲ ਪਾਸ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਇਸ ਕਾਨੂੰਨ ਨੂੰ ਵਾਪਸ ਲਵੇ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਨੂੰ ਪੂਰੇ ਪੰਜਾਬ ਦੇ ਵਿੱਚ ਲਿਜਾਇਆ ਜਾਵੇਗਾ ਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੱਢੀ ਜਾਣ ਵਾਲੀ ਇਸ ਯਾਤਰਾ ਦੀ ਤਰੀਕ ਦਾ ਜਲਦ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਤੇ ਇਲਾਕਾ ਨਿਵਾਸੀਆਂ ਦਾ ਕਿਸਾਨ ਆਗੂਆਂ ਦੇ ਵੱਲੋਂ ਸਵਾਗਤ ਕੀਤਾ ਗਿਆ।