ਚੰਡੀਗੜ੍ਹ: ਭਾਰਤ ਪਾਕਿ ਸੀਮਾ ਦੇ ਨਾਲ ਲੱਗਦੇ ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਬਾੜਮੇਰ 'ਚ ਕਰੀਬ ਇੱਕ ਮਹੀਨਾ ਪਹਿਲਾ ਭਾਰਤ ਪਾਕਿ ਸਰਹੱਦ 'ਤੇ ਤਾਰਬੰਦੀ ਦੇ ਉਪਰ ਤੋਂ 7 ਪੈਕੇਟ 'ਚ ਆਈ 7 ਕਿਲੋ ਹੈਰੋਇਨ ਦੇ ਸਮੱਗਲਰ ਨੂੰ ਫੜਨ ਲਈ ਪੰਜਾਬ ਗਈ ਐਸ.ਓ.ਜੀ. ਦੀ ਟੀਮ 'ਤੇ ਤਸਕਰਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਰਾਜਸਥਾਨ ਦੀ ਐਸ.ਓ.ਜੀ ਅਤੇ ਤਸਕਰਾਂ ਵਿਚਕਾਰ ਫਾਇਰਿੰਗ ਹੋਈ। ਹਾਲਾਂਕਿ, ਐਸ.ਓ.ਜੀ ਦੀ ਟੀਮ ਨੇ ਮੁੱਖ ਤਸਕਰ ਅੰਗਰੇਜ਼ ਸਿੰਘ ਅਤੇ ਇਕ ਹੋਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਾੜਮੇਰ 'ਚ ਲਗਭਗ ਇੱਕ ਮਹੀਨਾ ਪਹਿਲਾਂ ਭਾਰਤ-ਪਾਕਿ ਸਰਹੱਦ ਤੋਂ 7 ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਤਸਕਰਾਂ ਨੇ ਪੁੱਛਗਿੱਛ 'ਚ ਕਬੂਲਿਆ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਪੰਜਾਬ ਪਹੁੰਚਣੀ ਸੀ। ਫੜੇ ਗਏ ਤਸਕਰਾਂ ਤੋਂ ਪੁੱਛਗਿੱਛ ਦੌਰਾਨ ਮਿਲੇ ਸਬੂਤਾਂ ਤੋਂ ਬਾਅਦ ਐਸ.ਓ.ਜੀ ਅਤੇ ਏ.ਟੀ.ਐਸ ਦੀ ਟੀਮ ਸ਼ਨੀਵਾਰ ਨੂੰ ਪੰਜਾਬ ਹੈਰੋਇਨ ਖਰੀਦਣ ਵਾਲੇ ਤਸਕਰ ਅੰਗਰੇਜ਼ ਨੂੰ ਫੜਨ ਗਈ ਸੀ। ਜਿਨ੍ਹਾਂ 'ਚ ਪੰਜਾਬ ਪੁਲਿਸ ਫਿਰੋਜ਼ਪੁਰ ਦੇ ਸਹਿਯੋਗ ਨਾਲ ਹੈਰੋਇਨ ਤਸਕਰ ਅੰਗ੍ਰੇਜ਼ ਸਿੰਘ ਨੂੰ ਰਾਜਸਥਾਨ ਐਸ.ਓ.ਜੀ-ਏ.ਟੀ.ਐਸ ਅਤੇ ਪੰਜਾਬ ਪੁਲਿਸ ਵਲੋਂ ਘੇਰ ਲਿਆ ਗਿਆ ਸੀ।
ਇਸ ਦੌਰਾਨ ਤਸਕਰ ਅੰਗਰੇਜ਼ ਸਿੰਘ ਨੇ ਐਸ.ਓ.ਜੀ ਦੀ ਟੀਮ 'ਤੇ ਫਾਇਰਿੰਗ ਕੀਤੀ ਅਤੇ ਜਾਨਲੇਵਾ ਹਮਲਾ ਕਰ ਦਿੱਤਾ। ਵਾਹਨ ਨੂੰ ਐਸ.ਓ.ਜੀ. ਦੀ ਟੀਮ 'ਤੇ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ 'ਤੇ ਤਸਕਰ ਅੰਗਰੇਜ਼ ਸਿੰਘ ਦੇ ਸਹਿਯੋਗੀ ਜਰਨੈਲ ਸਿੰਘ ਨੂੰ ਜਵਾਬੀ ਫਾਇਰਿੰਗ 'ਚ ਇਕ ਗੋਲੀ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਅੰਗਰੇਜ਼ ਸਿੰਘ ਅਤੇ ਜਰਨੈਲ ਸਿੰਘ ਨੂੰ ਘੇਰ ਲਿਆ ਅਤੇ ਉਸਨੂੰ ਕਾਬੂ ਕਰ ਲਿਆ, ਜਦਕਿ ਇੱਕ ਹੋਰ ਸਾਥੀ ਯਾਦਵਿੰਦਰ ਮੌਕੇ ਤੋਂ ਭੱਜ ਗਿਆ।
ਐਸ.ਓ.ਜੀ ਇੰਸਪੈਕਟਰ ਭੁਰਾਰਾਮ ਖਿਲੇਰੀ ਨੇ ਪੁਲਿਸ ਟੀਮ 'ਤੇ ਕਾਤਲਾਨਾ ਹਮਲਾ ਕਰਨ ਅਤੇ ਆਰਮਜ਼ ਐਕਟ ਸਮੇਤ ਕਈ ਧਾਰਾਵਾਂ ਤਹਿਤ ਪੰਜਾਬ ਦੇ ਫਿਰੋਜ਼ਪੁਰ ਪੁਲਿਸ ਥਾਣੇ 'ਚ ਕੇਸ ਦਰਜ ਕਰਵਾਇਆ ਹੈ। ਫਿਰੋਜ਼ਪੁਰ ਪੁਲਿਸ ਨੇ ਤਸਕਰ ਅੰਗਰੇਜ਼ ਸਿੰਘ ਨੂੰ ਪੁਲਿਸ ਟੀਮ 'ਤੇ ਹਮਲਾ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਐਸ.ਓ.ਜੀ ਉਸਨੂੰ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕਰੇਗੀ।