ਜ਼ੀਰਾ: ਅਕਸਰ ਹੀ ਲੋਕਾਂ ਵੱਲੋ ਵਾਧੂ ਪੈਸਾ ਕਮਾਉਣ ਲਈ ਵੱਖਰੇ-ਵੱਖਰੇ ਢੰਗ ਅਪਣਾਏ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨਾਲ ਧੋਖੇ ਵੀ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਜ਼ੀਰਾ ਦੇ ਪਿੰਡ ਸੇਖਵਾਂ ਦਾ ਹੈ ਜਿੱਥੇ ਇੱਕ ਠੱਗ ਵੱਲੋਂ ਕਬੂਤਰਬਾਜ਼ੀ ਅਤੇ ਦੁਗਣੀ ਕਰੰਸੀ ਦਾ ਝਾਂਸਾ ਦੇ ਕੇ ਲੋਕਾਂ ਨੂੰ ਦੋਹੀਂ ਹੱਥੀਂ ਲੱਖਾਂ ਦੀ ਠੱਗੀ ਕੀਤੀ ਹੈ। ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਲੋਕਾਂ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। Cheating with the people of village Sekhwan of Zira
ਇਸ ਦੌਰਾਨ ਹੀ ਠੱਗੀ ਦੇ ਸ਼ਿਕਾਰ ਜ਼ੀਰਾ ਦੇ ਪਿੰਡ ਸੇਖਵਾਂ ਦੇ ਵਸਨੀਕ ਗੁਰਪਿਆਰ ਸਿੰਘ ਨੇ ਦੱਸਿਆ ਕਿ ਉਸਦੇ ਪਿੰਡ ਦੇ ਰਹਿਣ ਵਾਲੇ ਕੇਵਲ ਸਿੰਘ ਨੇ ਉਸ ਨਾਲ 25 ਲੱਖ ਰੁਪਏ ਦੀ ਠੱਗੀ ਮਾਰੀ। ਜਿਸ ਦਾ ਥਾਣਾ ਤਲਵੰਡੀ ਵਿਖੇ ਪਰਚਾ ਵੀ ਦਰਜ ਹੋਇਆ ਪਰ ਪੁਲਿਸ ਨੇ ਦੋਸ਼ੀ ਨੂੰ ਫੜਿਆ ਅਤੇ ਦੋਸ਼ੀ ਕੋਰਟ ਤੋਂ ਜ਼ਮਾਨਤ ਕਰਵਾ ਗਿਆ। ਪਿੰਡ ਸੇਖਵਾਂ ਦੀ ਹੀ ਰਹਿਣ ਵਾਲੀ ਮਹਿੰਦਰ ਕੌਰ ਨੇ ਦੱਸਿਆ ਕਿ ਉਸ ਨਾਲ ਵੀ ਕੇਵਲ ਸਿੰਘ ਨੇ ਕਰੰਸੀ ਡਬਲ ਕਰਨ ਅਤੇ ਉਸਦੇ ਮੁੰਡੇ ਨੂੰ ਬਾਹਰ ਲਿਜਾਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।
ਇਸ ਦੌਰਾਨ ਹੀ ਠੱਗੀ ਦੇ ਸ਼ਿਕਾਰ ਸੇਖਵਾਂ ਵਾਸੀ ਗੁਰਮੇਜ ਸਿੰਘ ਨੇ ਦੱਸਿਆ ਕੇਵਲ ਸਿੰਘ ਅਤੇ ਉਸਦੀ ਪਤਨੀ ਨੇ ਰਾਜਸਥਾਨ ਚ ਜ਼ਮੀਨ ਦਿਵਾਉਣ ਝਾਂਸਾ ਦੇਕੇ 13 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਿਸ ਦਾ ਥਾਣਾ ਵਿਖੇ ਪਰਚਾ ਹੋਇਆ ਪਰ ਪੁਲਿਸ ਆਰੋਪੀ ਨੂੰ ਨਹੀਂ ਫੜ੍ਹ ਰਹੀ।ਸੇਖਵਾਂ ਪਿੰਡ ਦੇ ਵਾਸੀ ਬਲਦੇਵ ਸਿੰਘ ਨੇ ਦੱਸਿਆ ਕਿ ਕੇਵਲ ਸਿੰਘ ਨੇ ਉਸਦਾ ਘੋੜਾ ਟਰਾਲਾ ਚੋਰੀ ਕਰ ਲਿਆ ਸੀ। ਜਿਸ ਦਾ ਥਾਣਾ ਜ਼ੀਰਾ ਵਿੱਚ ਪਰਚਾ ਦਰਜ ਹੋਇਆ, ਪਰ ਪੁਲਿਸ ਉਸ ਨੂੰ ਨਹੀਂ ਫੜ੍ਹ ਰਹੀ।
ਉਸਨੇ ਇਹ ਵੀ ਦੱਸਿਆ ਕਿ ਚੋਰੀ ਟਰਾਲੇ ਸਬੰਧੀ ਵਿਧਾਇਕ ਨਰੇਸ਼ ਕਟਾਰੀਆ ਘਰ ਪੰਚਾਇਤ ਜੁੜੀ ਸੀ ਅਤੇ ਟਰਾਲਾ ਸਾਨੂੰ ਦੇਣ ਦੀ ਬਜਾਏ ਨਰੇਸ਼ ਕਟਾਰੀਆ ਨੇ ਟਰਾਲਾ ਕਿਸੇ ਹੋਰ ਨੂੰ ਦੇ ਦਿੱਤਾ। ਜ਼ਿਲ੍ਹਾ ਮੋਗਾ ਦੇ ਪਿੰਡ ਥੱਮਣ ਵਾਲਾ ਦੇ ਵਾਸੀ ਇਕਬਾਲ ਸਿੰਘ ਨੇ ਦੱਸਿਆ ਕਿ ਕੇਵਲ ਸਿੰਘ ਨੇ ਕਰੰਸੀ ਦੁਗਣੀ ਕਰਨ ਦਾ ਝਾਂਸਾ ਦੇਕੇ ਉਸ ਨਾਲ ਸਾਢੇ ਪੰਜ ਲੱਖ ਦੀ ਠੱਗੀ ਮਾਰੀ। ਠੱਗੀ ਦਾ ਸ਼ਿਕਾਰ ਵੱਖ-ਵੱਖ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਕਿ ਆਰੋਪੀ ਕੇਵਲ ਸਿੰਘ ਅਤੇ ਉਸਦੇ ਸਾਥੀਆਂ ਜਿੰਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਪਰਚਾ ਦਰਜ ਹੈ, ਜਿਸ ਨੂੰ ਫੜ੍ਹ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ।
ਦੂਜੇ ਪਾਸੇ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਇਸ ਸਬੰਧੀ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਮੌਜੂਦਾ ਸਰਕਾਰ ਵਿਚ ਵਿਧਾਇਕ ਹੋਣ ਕਰਕੇ ਹਰ ਕੋਈ ਵਿਅਕਤੀ ਵਿਧਾਇਕ ਦੇ ਉੱਪਰ ਆਰੋਪ ਲਗਾਉਂਦਾ ਹੈ। ਜਦੋ ਕਿ ਮੈਂ ਪਹਿਲਾਂ ਤੋਂ ਹੀ ਸਾਰੇ ਅਫ਼ਸਰਾਂ ਨੂੰ ਕਿਹਾ ਹੈ ਕਿ ਹਮੇਸ਼ਾ ਸੱਚਾਈ ਦਾ ਸਾਥ ਦੇਣਾ ਹੈ ਅਤੇ ਸਹੀ ਨਿਆਂ ਕਰਨਾ ਹੈ।
ਇਹ ਵੀ ਪੜੋ:- ਨਿੱਜੀ ਸਕੂਲ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ SGPC ਖ਼ਿਲਾਫ਼ ਮਾਮਲਾ ਦਰਜ