ਫਿਰੋਜ਼ਪੁਰ: ਪਿੰਡ ਹੁਸੈਨ ਸ਼ਾਹ ਵਾਲਾ ਦੀ ਮਹਿਲਾ ਸਰਪੰਚ ਨੇ ਪਿੰਡ ਦੇ ਪ੍ਰਾਈਮਰੀ ਸਕੂਲ ਦੇ ਅਧਿਆਪਕ 'ਤੇ ਕੁੱਟਮਾਰ ਦੇ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ। ਜਦਕਿ ਦੂਜੇ ਪਾਸੇ ਅਧਿਆਪਕ ਨੇ ਦੋਸ਼ਾਂ ਨੂੰ ਨਕਾਰਦਿਆਂ ਸਕੂਲ 'ਚ ਲੱਗੇ ਕੈਮਰਿਆਂ ਦੀ ਸੀਸੀਟੀਵੀ ਦਿਖਾਉਂਦਿਆਂ ਕਿਹਾ ਕਿ ਉਕਤ ਮਹਿਲਾ ਅਤੇ ਉਸਦੇ ਦਿਓਰ ਨੇ ਸਕੂਲ 'ਚ ਆ ਕੇ ਹੰਗਾਮਾ ਕਰਦਿਆਂ ਮੇਰੀ ਕੁੱਟਮਾਰ ਕੀਤੀ ਹੈ।
ਮਹਿਲਾ ਸਰਪੰਚ ਹਰਭਜਨ ਕੌਰ ਨੇ ਦੱਸਿਆ ਕਿ ਉਹ ਪਿੰਡ ਹੁਸੈਨ ਸ਼ਾਹ ਦੀ ਸਰਪੰਚ ਹੈ ਅਤੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਚੇਅਰਮੈਨ ਹੈ। ਉਹਨਾਂ ਦੱਸਿਆ ਕਿ ਸਕੂਲ ਦੇ ਕਾਰਜ ਵਿਕਾਸ ਸਬੰਧੀ ਦੇਣ ਦਾਰੀਆਂ ਨੂੰ ਲੈਕੇ ਸਕੂਲ 'ਚ ਇਕ ਮੀਟਿੰਗ ਰੱਖੀ ਗਈ ਸੀ। ਇਸ ਦੌਰਾਨ ਸਕੂਲ ਦੇ ਅਧਿਆਪਕ ਕੁਲਦੀਪ ਸਿੰਘ ਨੇ ਉਸ ਕੋਲੋਂ ਕਾਰਵਾਈ ਰਜਿਸਟਰ ਖੋਹ ਲਿਆ ਅਤੇ ਚੰਗਾ ਮੰਦਾ ਬੋਲਣ ਲੱਗ ਪਿਆ ਅਤੇ ਉਸਦੀ ਕੁੱਟਮਾਰ ਕੀਤੀ।
ਮਹਿਲਾ ਦੇ ਦਿਓਰ ਜਸਵੰਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮ ਅਧਿਆਪਕ 'ਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਸਕੂਲ ਦੇ ਅਧਿਆਪਕ ਕੁਲਦੀਪ ਸਿੰਘ ਨੇ ਪ੍ਰੈਸ ਅੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਮਹਿਲਾ ਜੋ ਕਿ ਪਿੰਡ ਦੀ ਸਰਪੰਚ ਹੈ ,ਅਤੇ ਉਸਦੇ ਦਿਓਰ ਜਸਵੰਤ ਸਿੰਘ ਨੇ ਸਕੂਲ 'ਚ ਆ ਕੇ ਮੇਰੀ ਕੁੱਟਮਾਰ ਕੀਤੀ। ਜਿਸ ਦੀ ਸਕੂਲ 'ਚ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਉਹਨਾਂ ਕੋਲ ਹੈ।
ਉਸਨੇ ਦੱਸਿਆ ਕਿ ਮਹਿਲਾ ਸਰਪੰਚ ਹਰਭਜਨ ਕੌਰ ਧੱਕੇ ਨਾਲ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਮੈਨ ਬਣੀ ਹੋਈ ਹੈ ਅਤੇ ਉਸਦਾ ਦਿਓਰ ਸਕੂਲ ਦੀ ਗ੍ਰਾਂਟ ਨੂੰ ਖੁਰਦ ਬੁਰਦ ਕਰ ਰਿਹਾ ਹੈ। ਜਿਸ ਦਾ ਵਿਰੋਧ ਕਰਨ 'ਤੇ ਬੀਤੀ 3 ਸਤੰਬਰ ਨੂੰ ਗ੍ਰਾਂਟ ਦੇ ਲੇਖਾ ਜੋਖਾ ਸਬੰਧੀ ਸਕੂਲ 'ਚ ਮੀਟਿੰਗ ਕੀਤੀ। ਇਸ ਦੌਰਾਨ ਉਕਤ ਮਹਿਲਾ ਅਤੇ ਉਸਦੇ ਦਿਓਰ ਨੇ ਹੰਗਾਮਾ ਕੀਤਾ ਅਤੇ ਮੇਰੀ ਕੁੱਟਮਾਰ ਕੀਤੀ।
ਅਧਿਆਪਕ ਦੀ ਹਮਾਇਤ 'ਚ ਨਿੱਤਰੇ ਵਿਦਿਆਰਥੀ ਦੇ ਪਿਤਾ ਕੁਲਵੰਤ ਸਿੰਘ, ਸਕੂਲ ਦੀ ਮਿੱਡ ਡੇ ਮੀਲ ਕੁੱਕ ਕੁਲਦੀਪ ਕੌਰ ਨੇ ਦੱਸਿਆ ਕਿ ਉਹਨਾਂ ਸਾਹਮਣੇ ਅਧਿਆਪਕ ਕੁਲਦੀਪ ਸਿੰਘ ਦੀ ਕੁੱਟਮਾਰ ਹੋਈ ਹੈ।
ਬੀ.ਐੱਡ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਉਕਤ ਮਹਿਲਾ ਅਤੇ ਉਸਦੇ ਦਿਓਰ ਨੇ ਸਕੂਲ 'ਚ ਆਕੇ ਸ਼ਰੇਆਮ ਧਮਕੀਆਂ ਦਿੱਤੀਆਂ ਹਨ ਅਤੇ ਅਧਿਆਪਕ ਦੀ ਕੁੱਟਮਾਰ ਕੀਤੀ ਹੈ। ਜਦਕਿ ਮਹਿਲਾ ਸਰਪੰਚ ਜੋ ਕਾਨੂੰਨੀ ਤੌਰ 'ਤੇ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਮੈਨ ਨਹੀਂ ਬਣ ਸਕਦੀ ਆਪਣੇ ਦਿਓਰ ਨਾਲ ਮਿਲ ਕੇ ਸਕੂਲ 'ਚ ਆਕੇ ਡਿਊਟੀ ਦੌਰਾਨ ਸਰਕਾਰੀ ਅਧਿਆਪਕ ਦੀ ਕੁੱਟਮਾਰ ਕੀਤੀ ਹੈ ਜਿਸ ਲਈ ਉਹਨਾਂ ਇਨਸਾਫ ਦੀ ਗੁਹਾਰ ਲਗਾਈ।
ਇਹ ਵੀ ਪੜ੍ਹੋ: 7 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਮਨਪ੍ਰੀਤ ਰਈਆ ਤੇ ਮਨਦੀਪ ਤੂਫ਼ਾਨ