ਫਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਹੀਰਾਂ ਵਾਲੀ ’ਚ ਲੱਗਣ ਵਾਲੀ ਸ਼ਰਾਬ ਫੈਕਟਰੀ ਦੇ ਵਿਰੋਧ ’ਚ ਲਗਭਗ ਦੋ ਹਫ਼ਤਿਆਂ ਤੋਂ ਵੱਖ-ਵੱਖ ਪਿੰਡਾਂ ਵਾਸੀਆਂ ਤੇ ਔਰਤਾਂ ਵੱਲੋਂ ਧਰਨਾ ਲਗਾਇਆ ਗਿਆ ਹੈ।ਪ੍ਰਰਦਸ਼ਨਕਾਰੀਆਂ ਵੱਲੋਂ ਦੋ ਹਫ਼ਤੇ ਤੋਂ ਫਾਜ਼ਿਲਕਾ-ਅਬੋਹਰ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਹੈ। ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਇਲਾਕੇ ਦੀਆਂ ਔਰਤਾਂ ਮਰਨ ਵਰਤ ’ਤੇ ਬੈਠ ਗਈਆਂ ਹਨ। ਉਨ੍ਹਾਂ ਦਾ ਚੈੱਕਅਪ ਕਰਨ ਲਈ ਸਿਹਤ ਵਿਭਾਗ ਦੀ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੀ ਹੈ।
ਮੌਕੇ 'ਤੇ ਪਹੁੰਚ ਡਾਕਟਰੀ ਟੀਮ ਨੇ ਦੱਸਿਆ ਕਿ ਟੈਨਸ਼ਨ ਤੇ ਲਗਾਤਾਰ ਭੁੱਖੇ ਰਹਿਣ ਕਾਰਨ ਕੁੱਝ ਮਹਿਲਾਵਾਂ ਦੀ ਤਬੀਅਤ ਖ਼ਰਾਬ ਹੋ ਗਈ ਹੈ। ਡਾਕਟਰ ਨੇ ਕਿਹਾ ਕੁੱਝ ਦਾ ਬਲੱਡ ਪ੍ਰੈਸ਼ਰ ਘੱਟ ਹੈ, ਫਿਲਹਾਲ ਡਾਕਟਰਾਂ ਵੱਲੋਂ ਬਿਮਾਰ ਲੋਕਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਹਨ। ਡਾਕਟਰੀ ਟੀਮ ਨੇ ਵੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਔਰਤਾਂ ਦੀ ਗੱਲ ਮੰਨਣ ਦੀ ਅਪੀਲ ਕੀਤੀ ਹੈ।
ਉਥੇ ਹੀ ਮਰਨ ਵਰਤ 'ਤੇ ਬੈਠੀ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ਰਾਬ ਫੈਕਟਰੀ ਬੰਦ ਨਹੀਂ ਹੋ ਜਾਂਦੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਹ ਉਦੋਂ ਤੱਕ ਮਰਨ ਵਰਤ ਨਹੀਂ ਤੋੜਣਗੇ ਜਦੋਂ ਤੱਕ ਸ਼ਰਾਬ ਦੀ ਫੈਕਟਰੀ ਬੰਦ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਸ਼ਰਾਬ ਉਨ੍ਹਾਂ ਦੇ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਲਈ ਹਾਨੀਕਾਰਕ ਹੈ, ਇਸ ਲਈ ਉਹ ਕਿਸੇ ਵੀ ਹਾਲ 'ਚ ਇਥੇ ਸ਼ਰਾਬ ਫੈਕਟਰੀ ਨਹੀਂ ਲੱਗਣ ਦੇਣਗੇ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਇਲਾਕੇ ਦਾ ਪਾਣੀ ਪਹਿਲਾਂ ਹੀ ਪੀਣ ਯੋਗ ਨਹੀਂ ਹੈ, ਜੇਕਰ ਇਥੇ ਸ਼ਰਾਬ ਫੈਕਰਟਰੀ ਲੱਗਦੀ ਹੈ ਤਾਂ ਇਹ ਪਾਣੀ ਖੇਤੀ ਕਰਨ ਲਾਇਕ ਵੀ ਨਹੀਂ ਰਹੇਗਾ। ਇਸ ਲਈ ਉਹ ਸਰਕਾਰ ਕੋਲੋਂ ਇਥੇ ਸ਼ਰਾਬ ਫੈਕਟਰੀ ਬੰਦ ਕਰਵਾਉਣ ਦੀ ਮੰਗ ਕਰ ਰਹੇ ਹਨ।
ਦੱਸ ਦੇਈਏ ਕਿ ਇਸ ਧਰਨੇ ਦੀ ਸ਼ੁਰੂਆਤ 'ਚ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅੰਮ੍ਰਿਤਸਰ ਤੋਂ ਮਨਦੀਪ ਸਿੰਘ ਮੰਨਾ ਅਤੇ ਹੋਰਨਾਂ ਕਈ ਸਿਆਸੀ ਆਗੂਆਂ ਨੇ ਧਰਨੇ 'ਚ ਸ਼ਮੂਲੀਅਤ ਕੀਤੀ ਹੈ। ਉਹ ਵੀ ਪਿੰਡ ਹੀਰਾਂ ਵਾਲੀ ਵਿੱਚ ਲੱਗ ਰਹੀ ਸ਼ਰਾਬ ਫੈਕਟਰੀ ਦਾ ਵਿਰੋਧ ਜਤਾ ਚੁੱਕੇ ਹਨ।