ਫਾਜ਼ਿਲਕਾ: ਪਿੰਡ ਮੁਹੰਮਦ ਪੀਰਾ ਵਿੱਚ ਇੱਕ ਵਿਆਹੁਤਾ ਨੂੰ ਅੱਗ ਲਗਾ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਪਤੀ, ਭਰਜਾਈ ਅਤੇ ਗੁਆਂਢੀ 'ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬਲਜੀਤ ਕੌਰ ਪੁੱਤਰੀ ਹਰਦੇਵ ਸਿੰਘ ਵਾਸੀ ਪਿੰਡ ਮਹਾਲਮ ਉਰਫ਼ ਚੱਕ ਬਲੋਚਾ ਦਾ ਵਿਆਹ ਕਰੀਬ 6 ਸਾਲ ਪਹਿਲਾਂ ਫਾਜ਼ਿਲਕਾ ਦੇ ਪਿੰਡ ਮੁਹੰਮਦ ਪੀਰਾ ਵਿਖੇ ਪਰਮਜੀਤ ਸਿੰਘ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਸ ਦੇ ਘਰ 2 ਬੱਚੇ ਪੈਦਾ ਹੋਏ। ਬਲਜੀਤ ਕੌਰ ਦਾ ਅਕਸਰ ਹੀ ਆਪਣੇ ਪਤੀ ਨਾਲ ਝਗੜਾ ਚੱਲਦਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਬਲਜੀਤ ਕੌਰ ਦੇ ਪਤੀ ਪਰਮਜੀਤ ਸਿੰਘ ਦੇ ਆਪਣੀ ਭਰਜਾਈ ਨਾਲ ਨਾਜਾਇਜ਼ ਸਬੰਧ ਸਨ, ਜਿਸ ਨੂੰ ਲੈ ਕੇ ਉਨ੍ਹਾਂ ਦੀ ਕੁੜੀ ਅਕਸਰ ਹੀ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ, ਜਿਸ ਦੀ ਰੰਜਿਸ਼ ਵਜੋਂ ਬਲਜੀਤ ਕੌਰ ਦੇ ਪਤੀ ਨੇ ਆਪਣੀ ਭਰਜਾਈ ਅਤੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਉਨ੍ਹਾਂ ਦੀ ਧੀ 'ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾਕੇ ਮਾਰ ਦਿੱਤਾ।
ਥਾਣਾ ਸਦਰ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਬਲਜੀਤ ਕੌਰ ਨੂੰ ਪੈਟਰੋਲ ਪਾ ਕੇ ਸਾੜਿਆ ਗਿਆ ਸੀ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਪਹਿਲਾਂ 307 ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਸੀ। ਮ੍ਰਿਤਕਾ ਦੀ ਮੌਤ ਤੋਂ ਬਾਅਦ ਹੁਣ ਜੁਰਮ ਵਿੱਚ ਵਾਧਾ ਕਰਦਿਆਂ 302 ਵਿੱਚ ਬਦਲ ਦਿੱਤਾ ਹੈ।
ਇਹ ਵੀ ਪੜੋ: ਮੋਗਾ 'ਚ ਵਿਆਹੁਤਾ ਦੀ ਭੇਦਭਰੇ ਹਾਲਾਤ 'ਚ ਮੌਤ, ਸਰੀਰ 'ਤੇ ਕੁੱਟਮਾਰ ਦੇ ਨਿਸ਼ਾਨ