ਅਬੋਹਰ: ਕਹਿੰਦੇ ਨੇ ਕਿ ਜੇ ਕੋਈ ਮਿਹਨਤ ਕਰੇ ਤਾਂ ਕੁੱਝ ਵੀ ਹਾਸਲ ਕਰ ਸਕਦਾ ਹੈ। ਅਜਿਹਾ ਹੀ ਪਿੰਡ ਸ਼ੇਰਗੜ੍ਹ ਦੇ ਨੌਜਵਾਨਾਂ ਨੇ ਕਰਕੇ ਵਿਖਾਇਆ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਬਿਨਾਂ ਕਿਸੇ ਸਰਕਾਰੀ ਮਦਦ ਦੇ ਪਿੰਡ ਦੇ ਸ਼ਮਸ਼ਾਨ ਘਾਟ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ।
ਇਸ ਸ਼ਮਸ਼ਾਨ ਭੂਮੀ ਦੇ ਨਾਲ ਹੀ ਮੰਦਰ, ਗਊਸ਼ਾਲਾ ਅਤੇ ਸਤਸੰਗ ਘਰ ਵੀ ਬਣਾਇਆ ਗਿਆ ਹੈ ਅਤੇ ਅੱਜ ਲੋਕ ਇੱਥੇ ਸਿਰਫ਼ ਸੋਗ ਮਨਾਉਣ ਹੀ ਨਹੀਂ ਘੁੰਮਣ ਵੀ ਆਉਣ ਲੱਗੇ ਹਨ। ਨੌਜਵਾਨਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗੌਤਮ ਯਾਦਵ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਲੋਕਾਂ ਨੂੰ ਸਿਰਫ਼ ਘਾਹ ਫੂਸ ਹੀ ਵਿਖਾਈ ਦਿੰਦਾ ਸੀ ਪਰ ਜਦੋਂ ਉਨ੍ਹਾਂ ਨੇ 30 ਮੈਂਬਰੀ ਕਮੇਟੀ ਦਾ ਗਠਨ ਕੀਤਾ ਤਾਂ ਉਸ ਦਾ ਨਾਂਅ ਸ਼੍ਰੀ ਭੋਲ਼ਾ ਗਿਰੀ ਸੇਵਾ ਕਮੇਟੀ ਰੱਖਿਆ ਗਿਆ।
ਇਸੇ ਕਮੇਟੀ ਦੀ ਮਿਹਨਤ ਨਾਲ ਅੱਜ ਇਹ ਜ਼ਮੀਨ ਇੱਕ ਸੁੰਦਰ ਪਾਰਕ 'ਚ ਤਬਦੀਲ ਹੋ ਚੁੱਕੀ ਹੈ। ਇਸ ਪਾਰਕ ਵਿੱਚ ਲੱਗੇ ਤਰ੍ਹਾਂ-ਤਰ੍ਹਾਂ ਦੇ ਖ਼ੁਸ਼ਬੂਦਾਰ ਫੁੱਲਾਂ ਵਾਲੇ ਬੂਟੇ ਅਤੇ ਹਰੇ-ਭਰੇ ਰੁੱਖ ਵਾਤਾਵਰਣ ਨੂੰ ਸ਼ੁੱਧ ਕਰ ਰੱਖਦੇ ਹਨ।
ਪਿੰਡ ਵਾਲਿਆਂ ਨੇ ਦੱਸਿਆ ਕਿ ਕਮੇਟੀ ਮੈਬਰਾਂ ਵਿੱਚ ਸਾਰੇ ਹੀ ਵਿਦਿਆਰਥੀ ਹਨ ਜੋ ਪੜਾਈ ਦੇ ਨਾਲ-ਨਾਲ ਉੱਥੇ ਦੇਖਭਾਲ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੇ ਪਿੰਡ ਨੂੰ ਸ਼ਹਿਰ ਤੋਂ ਵੀ ਸੋਹਣਾ ਬਣਾਉਣ ਦਾ ਮਨ ਬਣਾਇਆ ਹੋਇਆ ਹੈ।
ਕਲੱਬ ਮੈਬਰਾਂ ਦਾ ਹਰ ਇੱਕ ਵਿਸ਼ੇਸ਼ ਕੰਮ ਪ੍ਰੇਰਣਾ ਸਰੋਤ ਹੈ। ਅਜਿਹੇ ਕਲੱਬ ਹਰ ਇੱਕ ਪਿੰਡ ਵਿੱਚ ਬਣਾਏ ਜਾਣੇ ਚਾਹੀਦੇ ਹਨ ਅਤੇ ਇਸ ਕਲੱਬ ਵੱਲੋਂ ਸਮਾਜ ਸੇਵਾ ਦੇ ਹਰ ਕੰਮ ਕੀਤੇ ਜਾ ਰਹੇ ਹਨ। ਇਸੇ ਨਾਲ ਪਿੰਡ ਦੀ ਪਛਾਣ ਵੀ ਮੁੱਖ ਬਣੀ ਹੋਈ ਹੈ।