ਲੁਧਿਆਣਾ: ਸ਼ਹਿਰ ਦੇ ਟਿੱਬਾ ਰੋਡ 'ਤੇ ਸਥਿਤ ਇੱਕ ਮਠਿਆਈ ਦੀ ਦੁਕਾਨ 'ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਦੋ ਗ੍ਰਾਹਕ ਮਠਿਆਈ ਦਾ ਡੱਬਾ ਲੈ ਕੇ ਦੁਕਾਨ 'ਤੇ ਪਹੁੰਚ ਗਏ। ਉਹਨਾਂ ਨੇ ਦਾਅਵਾ ਕੀਤਾ ਕਿ ਇਹ ਮਠਿਆਈ ਉਹ ਬੀਤੀ ਰਾਤ ਲੈ ਕੇ ਗਏ ਸਨ ਅਤੇ ਜਿਵੇਂ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਇਹ ਮਠਿਆਈ ਖਾਧੀ ਤਾਂ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਗਈ ਅਤੇ ਉਲਟੀਆਂ ਦੇ ਨਾਲ ਦਸਤ ਆਦਿ ਸ਼ੁਰੂ ਹੋ ਗਈ।
ਮਠਿਆਈ ਦੀ ਦੁਕਾਨ ਬਾਹਰ ਹੰਗਾਮਾ
ਗ੍ਰਾਹਕ ਨੇ ਕਿਹਾ ਕਿ ਇਹ ਮਠਿਆਈ ਪੁਰਾਣੀ ਅਤੇ ਖਰਾਬ ਹੈ, ਜੋ ਕਿ ਸਾਨੂੰ ਵੇਚ ਦਿੱਤੀ ਗਈ। ਜਿਸ ਨੂੰ ਖਾਣ ਕਰਕੇ ਉਸ ਦੇ ਪਰਿਵਾਰ ਦੀ ਤਬੀਅਤ ਖਰਾਬ ਹੋ ਗਈ। ਉਸ ਨੇ ਮਠਿਆਈ ਦੀ ਦੁਕਾਨ ਨੂੰ ਕੀਤੀ ਗਈ ਪੇਮੈਂਟ ਵੀ ਵਿਖਾਈ ਅਤੇ ਕਿਹਾ ਕਿ ਉਹ ਰਾਤ ਨੂੰ ਹੀ ਇਸ ਨੂੰ ਲੈ ਕੇ ਗਏ ਸੀ। ਇਸ ਦੌਰਾਨ ਹੰਗਾਮਾ ਹੋਇਆ ਅਤੇ ਦੋ ਨੌਜਵਾਨ ਦੁਕਾਨ ਦੇ ਬਾਹਰ ਬੈਠ ਗਏ, ਜਿਸ ਤੋਂ ਬਾਅਦ ਦੁਕਾਨ ਨੂੰ ਬੰਦ ਕਰ ਦਿੱਤਾ ਗਿਆ।
ਦੁਕਾਨਦਾਰ 'ਤੇ ਨੌਜਵਾਨਾਂ ਨੇ ਲਾਏ ਇਲਜ਼ਾਮ
ਹਾਲਾਂਕਿ ਦੂਜੇ ਪਾਸੇ ਮਠਿਆਈ ਦੀ ਦੁਕਾਨ ਦੇ ਮਾਲਕ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਕੋਲ ਹਰ ਰੋਜ਼ ਨਵੀਂ ਮਠਿਆਈ ਬਣਾਈ ਜਾਂਦੀ ਹੈ। ਉਹਨਾਂ ਕਿਹਾ ਕਿ ਪੁਰਾਣੀ ਮਠਿਆਈ ਅਸੀਂ ਨਹੀਂ ਵੇਚਦੇ। ਉਹਨਾਂ ਕਿਹਾ ਕਿ ਜਿਹੜੀ ਮਠਿਆਈ ਉਹ ਲੈ ਕੇ ਆਏ ਹਨ, ਉਸ ਨੂੰ ਮੈਂ ਖਾ ਕੇ ਵਿਖਾਉਦਾ ਹਾਂ ਕਿ ਮੈਨੂੰ ਕੁਝ ਹੁੰਦਾ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਇਹ ਝੂਠੇ ਦਾਅਵੇ ਕੀਤੇ ਜਾ ਰਹੇ ਹਨ, ਕਿਉਂਕਿ ਇਹ ਮਠਿਆਈ ਸਾਡੀ ਨਹੀਂ ਹੈ।
ਜਾਂਚ ਲਈ ਮੌਕੇ 'ਤੇ ਪਹੁੰਚੀ ਪੁਲਿਸ
ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਗਲਤ ਮਠਿਆਈ ਵੇਚਣ ਦਾ ਕੋਈ ਮਾਮਲਾ ਸਾਹਮਣੇ ਆਇਆ ਹੈ ਅਤੇ ਅਸੀਂ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮੌਕੇ 'ਤੇ ਸਿਹਤ ਅਧਿਕਾਰੀਆਂ ਨੂੰ ਵੀ ਬੁਲਾਇਆ ਜਾ ਰਿਹਾ ਹੈ। ਗ੍ਰਾਹਕਾਂ ਨੇ ਕਿਹਾ ਹੈ ਕਿ ਇਸ ਦੇ ਮਾਲ ਦੀ ਜਾਂਚ ਹੋਣੀ ਚਾਹੀਦੀ ਹੈ। ਗਲਤ ਮਠਿਆਈ ਲੋਕਾਂ ਨੂੰ ਵੇਚ ਕੇ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ।