ਫ਼ਾਜ਼ਿਲਕਾ: ਸਿਵਲ ਹਸਪਤਾਲ ਵਿੱਚ ਸਰਕਾਰੀ ਡਰਾਇਵਰ ਦੇ ਤੌਰ ਉੱਤੇ ਕੰਮ ਵਾਲੇ ਵਿਅਕਤੀ ਦੀ ਧੀ ਨੇ ਵਿਆਹ ਤੋਂ 24 ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਹੈ। 1 ਜੁਲਾਈ ਨੂੰ ਕੁੜੀ ਦਾ ਵਿਆਹ ਪਿੰਡ ਖਾਰਾ, ਜ਼ਿਲ੍ਹਾ ਫ਼ਰੀਦਕੋਟ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਣਾ ਸੀ। ਕੁੜੀ ਨੇ ਆਤਮ-ਹੱਤਿਆ ਤੋਂ ਪਹਿਲਾਂ ਆਪਣੇ ਮੰਗੇਤਰ ਨਾਲ ਕਰੀਬ 52 ਮਿੰਟ ਫ਼ੋਨ ਉੱਤੇ ਗੱਲ ਵੀ ਕੀਤੀ ਸੀ।
ਕੁੜੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਵਿਖੇ ਬਤੌਰ ਸਟੈਨੋ ਦੀ ਨੌਕਰੀ ਕਰਦੀ ਸੀ। ਉਸ ਨੇ ਆਪਣੇ ਮੰਗੇਤਰ ਨਾਲ ਫ਼ੋਨ ਉੱਤੇ ਗੱਲਬਾਤ ਕਰਨ ਤੋਂ ਬਾਅਦ ਪੱਖੇ ਨਾਲ ਚੁੰਨੀ ਬੰਨ੍ਹ ਕੇ ਖੁਦਕੁਸ਼ੀ ਕਰ ਲਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁੜੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਮੰਗਣੀ 8 ਮਹੀਨੇ ਪਹਿਲਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਖਾਰੇ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਹੋਈ ਸੀ। ਉਨ੍ਹਾਂ ਦੱਸਿਆ ਕਿ ਮੁੰਡਾ ਦਾਜ ਦੇ ਲਈ ਦਿੱਤੇ ਜਾਣ ਵਾਲੇ ਸਮਾਨ ਦੇ ਲਈ ਨਕਦ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ, ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਧੀ ਨੇ ਆਤਮ-ਹੱਤਿਆ ਕਰ ਲਈ ਹੈ।
ਉੱਥੇ ਹੀ ਥਾਣਾ ਸਿਟੀ ਪੁਲਿਸ ਦੇ ਐੱਸ.ਐੱਚ.ਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੜੀ ਜੋਂ ਕਿ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਵਿਖੇ ਸਰਕਾਰੀ ਨੌਕਰੀ ਕਰਦੀ ਸੀ ਅਤੇ ਉਸ ਦਾ ਵਿਆਹ 1 ਜੁਲਾਈ ਨੂੰ ਹੋਣਾ ਤੈਅ ਸੀ। ਐੱਸ.ਐੱਚ.ਓ ਨੇ ਦੱਸਿਆ ਕਿ ਮੌਕੇ ਉੱਤੇ ਬਰਾਮਦ ਕੀਤੇ ਗਏ ਸੁਸਾਇਡ ਨੋਟ ਵਿੱਚ ਮ੍ਰਿਤਕਾ ਨੇ ਕਿਸੇ ਨੂੰ ਵੀ ਆਪਣੀ ਮੌਤ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਪਰ ਮ੍ਰਿਤਕਾ ਦੇ ਪਿਤਾ ਨੇ ਮੁੰਡੇ ਉੱਤੇ ਦੋਸ਼ ਲਾਏ ਹਨ ਕਿ ਉਹ ਉਨ੍ਹਾਂ ਤੋਂ ਨਕਦੀ ਪੈਸੇ ਮੰਗਦਾ ਰਹਿੰਦਾ ਸੀ। ਪੁਲਿਸ ਨੇ ਸੁਸਾਇਡ ਨੋਟ ਦੇ ਆਧਾਰ ਉੱਤੇ ਧਾਰਾ 174 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।