ਫਾਜਿਲਕਾ : ਅਬੋਹਰ ਰਾਮਸਰਾ ਮਾਇਨਰ ਵਿੱਚ ਪਾਣੀ ਪੂਰਾ ਨਾ ਕਰਨ ਦੇ ਵਿਰੋਧ ਵਿੱਚ ਕਿਸਾਨਾਂ ਨੇ ਮਲੂਕਪੂਰਾ ਨਹਿਰ ਵਿੱਚ ਪਾਣੀ ਪੂਰਾ ਕਰਨ ਦੀ ਮੰਗ ਲੈ ਕੇ ਬੈਠੇ ਕਿਸਾਨਾਂ ਵਲੋਂ ਨਹਿਰ ਦੇ ਫੱਟੇ ਖੋਲ੍ਹ ਦਿੱਤੇ ਗਏ। ਜਾਣਕਾਰੀ ਮੁਤਾਬਿਕ ਉੱਥੇ ਮੌਜੂਦ ਪੁਲਿਸ ਪ੍ਰਸ਼ਾਸਨ ਅਤੇ ਹੋਰ ਅਧਿਕਾਰੀਆਂ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨਹਿਰ ਲਾਗੇ ਕਰੀਬ ਇਕ ਦਰਜਨ ਕਿਸਾਨ ਇਕੱਠੇ ਹੋਏ ਸਨ ਅਤੇ ਮੌਕੇ ਉੱਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਵੀ ਕੀਤਾ।
ਕਿਸਾਨਾਂ ਦੇ ਨਾਲ ਹੋਈ ਪੁਲਿਸ ਦੀ ਖਿੱਚਧੂਹ : ਜਾਣਕਾਰੀ ਮੁਤਾਬਿਕ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਵੀ ਹੋਈ ਹੈ। ਕਈ ਪੁਲਿਸ ਕਰਮਚਾਰੀ ਖਿੱਚ ਧੂਹ ਦੌਰਾਨ ਡਿਗਦੇ ਵੀ ਨਜਰ ਆਏ ਹਨ। ਇਸ ਨਾਲ ਜੁੜੀਆਂ ਕਈ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਦੂਜੇ ਪਾਸੇ ਕਿਸਾਨਾਂ ਵਲੋਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ ਹੈ।
ਇਸ ਮੌਕੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਿ ਰਾਮਸਰਾ ਮਾਇਨਰ ਦਾ ਪਾਣੀ ਪੂਰਾ ਨਾ ਹੋਣ ਕਾਰਨ ਉਨ੍ਹਾਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਪਾਣੀ ਪੂਰਾ ਨਾ ਮਿਲਣ ਕਾਰਨ ਉਨ੍ਹਾਂ ਦੀ ਖੇਤੀ ਦਾ ਨੁਕਸਾਨ ਹੋ ਰਿਹਾ ਹੈ। ਇਸ ਸੰਬੰਧੀ ਕਈ ਵਾਰ ਸਰਕਾਰ ਨੂੰ ਦੱਸਿਆ ਗਿਆ ਹੈ ਪਰ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਧੱਕੇਸ਼ਾਹੀ ਕਰਨ ਅਤੇ ਬਿਨਾ ਕਾਰਨ ਖਿੱਚ ਧੂਹ ਕਰਨ ਦੇ ਵੀ ਇਲਜਾਮ ਲਾਏ ਹਨ। ਹਾਲਾਂਕਿ ਇਸ ਮੌਕੇ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬੱਸਾਂ ਵਿਚ ਭਰ ਕੇ ਨਾਲ ਲੈ ਗਈ। ਕਿਸਾਨਾਂ ਵਲੋਂ ਪੁਲਿਸ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ ਹੈ।
ਇਹ ਵੀ ਯਾਦ ਰਹੇ ਕਿ ਅਬੋਹਰ 'ਚ ਕੋਈ 10 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਰਾਮਸਰਾ ਨਹਿਰ ਦੇ ਨਿਰਮਾਣ ਵਿੱਚ ਨਹਿਰੀ ਵਿਭਾਗ ਦੀ ਲਾਪਰਵਾਹੀ ਵੀ ਦੇਖਣ ਨੂੰ ਮਿਲੀ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਨਹਿਰ ਦੇ ਬਣੇ ਮੋਘਿਆਂ ਨੂੰ ਬਹੁਤ ਉੱਚਾ ਕਰ ਦਿਤਾ ਹੈ, ਜਿਸ ਨਾਲ ਕਿਸਾਨਾਂ ਨੂੰ ਪਾਣੀ ਨਹੀਂ ਮਿਲੇਗਾ।ਕਿਸਾਨ ਇਸ ਗੱਲ ਦਾ ਪਹਿਲਾਂ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ। ਇਸੇ ਕੜੀ ਵਿਚ ਕਿਸਾਨ ਸਰਕਾਰ ਤੋਂ ਪਾਣੀ ਦਾ ਠੀਕ ਪ੍ਰਬੰਧ ਕਰਨ ਦੀ ਗੱਲ ਕਹਿ ਰਹੇ ਹਨ।