ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਵਿੱਚ ਨਸ਼ਾ ਤਸਕਰੀ ਚੋਰੀ ਲੁੱਟਖੋਹ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਸ ਉੱਤੇ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ ਸ਼ਿਕੰਜਾ ਕੱਸਦੇ ਹੋਏ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਵੱਡੇ ਪੱਧਰ ਉੱਤੇ ਨਸ਼ਾ ਡਰੱਗ ਮਨੀ ਨਜਾਇਜ਼ ਹਥਿਆਰ ਗੋਲੀ ਸਿੱਕਾ ਅਤੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਹੈ ।
ਪੁਲਿਸ ਨੇ ਕੀਤੀ ਪ੍ਰੈੱਸ ਕਾਨਫਰੰਸ: ਪੁਲਿਸ ਵੱਲੋਂ ਕੀਤੀ ਗਈ ਇਸ ਬਰਾਮਦਗੀ ਸਬੰਧੀ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਅਹਿਮ ਕਾਮਯਾਬੀ ਹਾਸਲ ਕਰਦਿਆਂ ਵੱਖ-ਵੱਖ ਮਾਮਲਿਆਂ ਦੇ ਦੋਸ਼ੀਆਂ ਨੁੰ ਹੈਰੋਇਨ, ਨਾਜਾਇਜ਼ ਅਸਲਾ, ਗੋਲੀ ਸਿੱਕਾ , ਡਰੱਗ ਮਨੀ ਅਤੇ ਦਰਜਨ ਭਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਹੈ।
ਜਿੱਥੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ ਸਮੱਗਲਰਾਂ ਤੋਂ ਇਨ੍ਹਾਂ ਮਾਮਲਿਆਂ ਵਿਚ ਇਕ ਦੋਸ਼ੀ ਨੂੰ ਇਕ ਦੇਸੀ ਕੱਟਾ ਅਤੇ ਇਕ ਨਾਜਾਇਜ਼ ਪਿਸਤੌਲ ਅਤੇ ਵੱਖ-ਵੱਖ ਤਰ੍ਹਾਂ ਦੇ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਇਸੇ ਤਰ੍ਹਾਂ ਹੀ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਇਕ ਦੋਸ਼ੀ ਤੋਂ ਅੱਸੀ ਗ੍ਰਾਮ ਹੈਰੋਇਨ ਅਤੇ ਵੀਹ ਗ੍ਰਾਮ ਹੈਰੋਇਨ ਅਤੇ 19 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਸੇ ਤਰ੍ਹਾਂ ਹੀ ਮੋਟਰਸਾਈਕਲ ਚੋਰੀ ਦੇ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਪਹਿਲਾਂ ਕੀਤੀ ਗਈ 25 ਮੋਟਰਸਾਈਕਲਾਂ ਦੀ ਬਰਾਮਦਗੀ ਦੇ ਮਾਮਲੇ ਦੇ ਵਿੱਚ ਇੱਕ ਦਰਜਨ ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਮਹੀਨੇ ਦੇ ਅੰਦਰ ਨਸ਼ਾ ਤਸਕਰੀ ਦੇ ਤੇਈ ਮਾਮਲੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿੱਚ 38 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਪੰਜ ਸੌ ਅਠਾਰਾਂ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। 3 ਕਿਲੋ ਛੇ ਸੌ ਗਰਾਮ ਅਫੀਮ ਇੱਕ ਸੌ ਸੱਤ ਕਿਲੋ ਭੁੱਕੀ ਚੂਰਾ ਪੋਸਤ ਅਤੇ ਗੋਲੀਆਂ ਕੈਪਸੂਲ ਸਮੈਕ ਗਾਂਜਾ ਸਮੇਤ ਤਿੰਨ ਲੱਖ ਅਠਾਰਾਂ ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਸ ਤੋਂ ਇਲਾਵਾ ਪਨਤਾਲੀ ਮਾਮਲੇ ਸ਼ਰਾਬ ਤਸਕਰੀ ਦੇ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿੱਚ ਹਜ਼ਾਰਾਂ ਲਿਟਰ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਗਈ ਹੈ ਅਤੇ ਦੜਾ ਸੱਟਾ ਜੂਆ ਅਤੇ ਕ੍ਰਿਕਟ ਬੁਕੀਆਂ ਦੇ ਉਪਰ 30 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 41 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਤੋਂ ਇੱਕ ਲੱਖ ਰੁਪਏ ਤੋਂ ਵੱਧ ਨਕਦੀ ਬਰਾਮਦ ਕੀਤੀ ਗਈ ਹੈ ਅਤੇ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ।
ਐੱਸਐੱਸਪੀ ਭੁਪਿੰਦਰ ਸਿੰਘ ਨੇ ਦਿੱਤੀ ਇਹ ਜਾਣਕਾਰੀ : ਉੱਥੇ ਹੀ ਵੱਖ ਵੱਖ ਮਾਮਲਿਆਂ ਵਿਚ ਕਾਬੂ ਕੀਤੇ ਗਏ ਦੋਸ਼ੀਆਂ ਦੇ ਵਿਚੋਂ ਨਜਾਇਜ਼ ਅਸਲੇ ਸਮੇਤ ਕਾਬੂ ਕੀਤੇ ਗਏ ਵਿਅਕਤੀ ਨੇ ਮੰਨਿਆ ਕਿ ਉਸ ਦੇ ਕੋਲੋਂ ਅਸਲਾ ਬਰਾਮਦ ਹੋਇਆ ਹੈ ਅਤੇ ਹੈਰੋਇਨ ਸਮੇਤ ਕਾਬੂ ਕੀਤੇ ਗਏ ਨਸ਼ਾ ਤਸਕਰਾਂ ਨੇ ਦੱਸਿਆ ਕਿ ਉਸ ਦੀ ਫਿਰੋਜ਼ਪੁਰ ਜੇਲ੍ਹ ਵਿੱਚ ਕਿਸੇ ਵਿਅਕਤੀ ਨਾਲ ਮੁਲਾਕਾਤ ਹੋਈ ਸੀ ਅਤੇ ਉਹ ਫ਼ਿਰੋਜ਼ਪੁਰ ਦੇ ਹੀ ਉਸ ਵਿਅਕਤੀ ਤੋਂ ਨਸ਼ਾ ਲੈ ਕੇ ਆਉਂਦੇ ਹਨ।
ਇਹ ਵੀ ਪੜ੍ਹੋ : ਸਾਬਕਾ MLA ਅੰਗਦ ਸੈਣੀ ਦੀ ਕਾਂਗਰਸ 'ਚ ਵਾਪਸੀ, ਟਿੱਕਟ ਨਾ ਮਿਲਣ ਉੱਤੇ ਛੱਡੀ ਸੀ ਪਾਰਟੀ