ਫ਼ਾਜ਼ਿਲਕਾ: ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਸ਼ਨੀਵਾਰ ਤੋਂ ਹੀ ਨਾਮਜ਼ਦਗੀ ਦਾ ਕੰਮ ਸ਼ੁਰੂ ਹੋ ਗਿਆ ਹੈ। ਜਿਸ ਤਹਿਤ ਐਸਡੀਐਮ ਦਫ਼ਤਰ ਵਿੱਚ ਰਿਟਰਨਿੰਗ ਅਫ਼ਸਰ ਕੋਲ ਆਪਣੇ ਨਾਮਜ਼ਦਗੀ ਕਾਗਜ਼ ਜਮ੍ਹਾ ਕਰਾਉਣ ਆਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲੋਂ ਉਨ੍ਹਾਂ ਦੀ ਨਾਮਜ਼ਦਗੀ ਫਾਈਲਾਂ ਖੋਹ ਕੇ ਫਾੜੀਆਂ ਗਈਆਂ।
ਰੋਸ ਵਜੋਂ ਆਮ ਆਦਮੀ ਪਾਰਟੀ ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਸੱਦ ਕੇ ਆਪਣੇ ਨਾਲ ਹੋਈ ਹੱਡਬੀਤੀ ਦੱਸੀ ਗਈ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਵਰਿੰਦਰ ਖ਼ਾਲਸਾ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਕਾਂਗਰਸ ਪਾਰਟੀ ਦੇ ਕਹੇ 'ਤੇ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਸਥਾਨਕ ਐਸਡੀਐਮ ਕਮ ਰਿਟਰਨਿੰਗ ਅਫ਼ਸਰ ਨੂੰ ਬਦਲਿਆ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਐਸਐਚਓ ਤੇ ਕਾਂਗਰਸ ਪਾਰਟੀ ਦੀ ਮਦਦ ਕਰਨ 'ਤੇ ਵੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਹ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਨੂੰ ਇੱਥੋਂ ਦੇ ਲੋਕ ਨਕਾਰ ਚੁੱਕੇ ਹਨ। ਕਾਂਗਰਸ ਪਾਰਟੀ ਦੀ ਹਾਰ ਇਨ੍ਹਾਂ ਚੋਣਾਂ ਵਿੱਚ ਪੱਕੀ ਹੈ, ਜਿਸ ਕਰਕੇ ਕਾਂਗਰਸ ਪਾਰਟੀ ਗੰਦੀ ਰਾਜਨੀਤੀ ਉੱਤੇ ਉੱਤਰ ਆਈ ਹੈ।