ਫਾਜ਼ਿਲਕਾ: ਸੂਬੇ ਵਿੱਚ ਲੜਕੀ ਦੇ ਭਰੂਣ ਹੱਤਿਆ ਦੀਆਂ ਖਬਰਾਂ ਤਾਂ ਆਮ ਸੁਣਨ ਨੂੰ ਮਿਲ ਜਾਂਦੀਆਂ ਹਨ ਪਰ ਅਬੋਹਰ ਵਿਚ ਇਸਦੇ ਉਲਟ ਇਕ ਨਵਜਨਮੇ ਲੜਕੇ ਦਾ ਭਰੂਣ ਮਿਲਣ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਅਬੋਹਰ ਦੀ ਨਵੀਂ ਆਬਾਦੀ ਦੀ ਗਲੀ ਨੰਬਰ ਬਾਰਾਂ ਵਿੱਚ ਕੁਝ ਬੱਚਿਆਂ ਦੁਆਰਾ ਕੁੱਤੇ ਦੇ ਮੂੰਹ ਵਿੱਚ ਕੋਈ ਚੀਜ਼ ਹੋਣ ਨੂੰ ਲੈ ਕੇ ਪਿੱਛਾ ਕੀਤਾ ਗਿਆ ਤਾਂ ਦੇਖਿਆ ਕਿ ਉਸ ਦੇ ਮੂੰਹ ਵਿੱਚ ਇੱਕ ਨਵ ਜੰਮਿਆ ਲੜਕਾ ਸੀ।
ਇਸ ਬਾਰੇ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਉਸ ਬੱਚੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਕਾਰਵਾਈ ਦੀ ਮੰਗ ਕੀਤੀ ਗਈ ਹੈ। ਓਧਰ ਘਟਨਾ ਸਥਾਨ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਨਵ ਜੰਮੇ ਬੱਚੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸਦੇ ਨਾਲ ਹੀ ਫਾਜ਼ਿਲਕਾ ਦੀ ਡੀਸੀ ਰਹਿ ਚੁੱਕੇ ਈਸ਼ਾ ਕਾਲੀਆ ਦੁਆਰਾ ਸ਼ੁਰੂ ਕੀਤੇ ਗਈ ਪੰਘੂੜਾ ਸਕੀਮ ਤੇ ਉਸਨੂੰ ਚਲਾ ਰਹੀ ਸਮਾਜ ਸੇਵੀ ਸੰਸਥਾ ਦੇ ਮੈਂਬਰ ਨੇ ਅਪੀਲ ਕੀਤੀ ਕਿ ਜਿਹੜੇ ਲੋਕ ਬੱਚੇ ਨੂੰ ਪਾਲਣ ਵਿੱਚ ਅਸਮਰੱਥ ਹਨ ਤਾਂ ਉਹ ਇਸ ਤਰ੍ਹਾਂ ਨਾਲ ਭਰੂਣਾਂ ਨੂੰ ਜਾਨਵਰਾਂ ਅੱਗੇ ਸੁੱਟਣ ਦੀ ਬਜਾਏ ਉਹ ਪੰਘੂੜੇ ‘ਚ ਪਾ ਦੇਣ ਤਾਂ ਜੋ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਬੱਚਿਆਂ ਨੂੰ ਅੱਗੇ ਦਿੱਤਾ ਜਾਵੇ।