ਜਲਾਲਾਬਾਦ: ਬੀਤੀ 28 ਜਨਵਰੀ ਨੂੰ ਦੇਰ ਰਾਤ 2 ਅਣਪਛਾਤੇ ਹਥਿਆਰਬੰਦ ਮੋਟਰ ਸਾਈਕਲ ਸਵਾਰਾਂ ਨੇ ਫ਼ਾਜ਼ਿਲਕਾ ਫਿਰੋਜ਼ਪੁਰ ਰੋਡ ’ਤੇ ਸਥਿਤ ਬੱਘੇ ਕੇ ਮੋੜ ਵਿਖੇ ਘਰ ਦੇ ਬਾਹਰ ਖੜ੍ਹੇ ਨੌਜਵਾਨ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਨੌਜਵਾਨ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ, ਜੋ ਕਿ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਜੇਰੇ ਇਲਾਜ ਹੈ। ਪੀੜਤ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਮੱਖਣ ਸਿੰਘ ਉਮਰ 29 ਸਾਲ ਵੱਜੋਂ ਹੋਈ ਹੈ ਜੋ ਫਾਜ਼ਿਲਕਾ ਫਿਰੋਜ਼ਪੁਰ ਰੋਡ ਬੱਘੇ ਕੇ ਉਤਾੜ੍ਹ ਦਾ ਰਹਿਣ ਵਾਲਾ ਹੈ।
ਪੁਲਿਸ ਮੁਲਾਜ਼ਮ ਦੀ ਬੇਟੀ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਕੀਤਾ ਹਮਲਾ: ਪੀੜਤ
ਪੀੜਤ ਨੌਜਵਾਨ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਉਸ ਦੇ ਪ੍ਰੇਮ ਸਬੰਧ ਜਲਾਲਾਬਾਦ ਵਿਖੇ ਰਹਿਣ ਵਾਲੇ ਏ.ਐੱਸ.ਆਈ. ਦੀ ਲੜਕੀ ਨਾਲ ਬਣੇ ਸਨ, ਪਰ ਬਾਅਦ ’ਚ ਪੁਲਿਸ ਮੁਲਾਜ਼ਮ ਤੇ ਉਸਦੇ ਪਰਿਵਾਰ ਨੇ ਮੇਰੇ ਖ਼ਿਲਾਫ਼ ਇੱਕ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਮਗਰੋਂ ਉਸ ਨੂੰ ਪੁਲਿਸ ਨੇ ਜੇਲ੍ਹ ਭੇਜ ਦਿੱਤਾ ਤੇ ਉਹ ਹੁਣ ਜ਼ਮਾਨਤ ’ਤੇ ਕੁੱਝ ਸਮਾਂ ਪਹਿਲਾ ਹੀ ਜੇਲ੍ਹ ਤੋਂ ਬਾਹਰ ਆਇਆ ਹੈ। ਪੀੜਤ ਨੇ ਇਹ ਵੀ ਕਿਹਾ ਕਿ ਪੁਲਿਸ ਮੁਲਾਜ਼ਮ ਦੇ ਪੁੱਤਰ ਮੈਨੂੰ ਕਾਫ਼ੀ ਲੰਬੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ, ਤੇ ਦੇਰ ਸ਼ਾਮ ਜਦੋਂ ਉਹ ਘਰੋਂ ਬਾਹਰ ਨਿਕਲਿਆ ਤਾਂ 2 ਨਕਾਬਪੋਸ਼ ਹਥਿਆਰ ਬੰਦ ਨੌਜਵਾਨ ਨੇ ਉਸਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਹ ਪੂਰੀ ਤਰ੍ਹਾਂ ਜਖਮੀ ਹੋ ਗਿਆ। ਫਿਲਹਾਲ ਪੁਲਿਸ ਨੇ 307 ਦੇ ਤਹਿਤ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।