ਜਲਾਲਾਬਾਦ: ਸੋਸ਼ਲ ਮੀਡੀਆਂ 'ਤੇ ਜਲਾਲਬਾਦ ਦੀ ਇੱਕ ਸਹਾਇਕ ਸਬ ਇੰਸਪੈਕਟਰ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਮਿੱਥੇ ਸਮੇਂ ਉਪਰੰਤ ਵੀ ਖੁੱਲ੍ਹੇ ਠੇਕਿਆਂ ਨੂੰ ਬੰਦ ਕਰਵਾ ਰਹੇ ਹਨ। ਇਹ ਕਾਰਵਾਈ ਇੱਕ ਲੇਡੀ ਪੁਲਿਸ ਅਧਿਕਾਰੀ ਦੀਪਿਕਾ ਦੀ ਹੈ, ਜਿਸ ਨੇ ਜਲਾਲਾਬਾਦ ਵਿੱਚ ਦੇਰ ਰਾਤ ਖੁੱਲ੍ਹੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਵਾਇਆ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦੁਕਾਨਾਂ ਖੋਲ੍ਹੇ ਜਾਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਪਰ ਸ਼ਰਾਬ ਮਾਫੀਆ ਵੱਲੋਂ ਉਲੰਘਣਾ ਕਰਦੇ ਹੋਏ ਸਮੇਂ ਤੋਂ ਬਾਅਦ ਵੀ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ।
ਜਲਾਲਾਬਾਦ ਵਿੱਚ ਸ਼ਰਾਬ ਦੀਆਂ ਦੁਕਾਨਾਂ ਧੜੱਲੇ ਨਾਲ ਖੋਲ੍ਹੀਆਂ ਜਾ ਰਹੀਆਂ ਹਨ। ਬੁੱਧਵਾਰ ਨੂੰ ਜਲਾਲਾਬਾਦ ਵਿੱਚ ਪੁਲਿਸ ਦੀ ਸਹਾਇਕ ਸਬ ਇੰਸਪੈਕਟਰ ਦੀਪਿਕਾ ਨੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੀਆਂ ਦੁਕਾਨਾਂ 'ਤੇ ਧਾਵਾ ਬੋਲਿਆ। ਇਸ ਦੌਰਾਨ ਉਨ੍ਹਾਂ ਦੇਰ ਤੱਕ ਖੁੱਲ੍ਹੀਆਂ ਸ਼ਰਾਬ ਦੀਆਂ ਦੁਕਾਨਾਂ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਦੁਕਾਨਾਂ ਨੂੰ ਬੰਦ ਕਰ ਦੇਣ। ਉਨ੍ਹਾਂ ਸ਼ਹਿਰ ਦੇ ਬਜ਼ਾਰਾਂ ਵਿੱਚ ਦੇਰ ਰਾਤ ਤੱਕ ਖੁੱਲ੍ਹੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਈਆਂ ਅਤੇ ਕਈਆਂ ਦੇ ਚਲਾਨ ਵੀ ਕੱਟੇ। ਇਸ ਦੌਰਾਨ ਕਈ ਠੇਕੇ ਵਾਲਿਆਂ ਨੇ ਪੁਲਿਸ ਅਧਿਕਾਰੀ ਨੂੰ ਗੱਲ ਕਰਵਾਉਣ ਲਈ ਕਹਿੰਦੇ ਵੀ ਵੇਖੇ ਗਏ।
ਇਸ ਮੌਕੇ ਪੁਲਿਸ ਅਧਿਕਾਰੀ ਦੀਪਿਕਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਾਰਵਾਈ ਸਰਕਾਰ ਦੀਆਂ ਹਦਾਇਤਾਂ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਦਾਇਤਾਂ ਹਰ ਇੱਕ ਲਈ ਬਰਾਬਰ ਹਨ, ਇਸ ਲਈ ਜੋ ਵੀ ਸਰਕਾਰੀ ਹੁਕਮਾਂ ਦੀ ਉਲੰਘਣਾ ਕਰੇਗਾ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।