ਫ਼ਾਜ਼ਿਲਕਾ: ਭਾਰਤ ਪਾਕਿ ਸੀਮਾ ਨੇੜੇ ਵਸੇ ਅਬੋਹਰ ਦੇ ਉਸਮਾਨ ਖੇੜਾ ਪਿੰਡ ਦੇ ਨਿਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦਾ ਕਾਰਨ ਪਿਛਲੇ 1 ਮਹੀਨੇ ਤੋਂ ਲਗਾਤਾਰ ਖੇਤਾਂ ਅਤੇ ਘਰਾਂ 'ਚ ਵਿਸਫੋਟਕ ਪਦਾਰਥ ਦਾ ਮਿਲਣਾ ਹੈ। ਪੁਲਿਸ ਇਸ ਮਾਮਲੇ 'ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਜਾਣਕਾਰੀ ਮੁਤਾਬਕ ਜਦੋਂ ਵੀ ਅਜਿਹੀ ਕੋਈ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਭਾਰੀ ਬਲ ਦੇ ਨਾਲ ਇਨ੍ਹਾਂ ਪਿੰਡਾਂ ਨੂੰ ਘੇਰ ਲੈਂਦੀ ਹੈ ਅਤੇ ਫੌਜ ਦੇ ਸਹਿਯੋਗ ਨਾਲ ਵਿਸਫੋਟਕ ਪਦਾਰਥਾਂ ਨੂੰ ਨਸ਼ਟ ਕਰਕੇ ਚਲਦੀ ਬਣਦੀ ਹੈ। ਇਨ੍ਹਾਂ ਘਟਨਾਵਾਂ ਦੇ ਬਾਵਜੂਦ ਲੋਕਾਂ ਦੀ ਸੁਰੱਖਿਆ ਲਈ ਨਾ ਤਾਂ ਕੋਈ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਅਜਿਹੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿਸਦੇ ਨਾਲ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਜਾ ਸਕੇ।
ਲੋਕਾਂ ਦਾ ਕਹਿਣਾ ਹੈ ਕਿ ਇਹ ਵਿਸਫੋਟਕ ਪਦਾਰਥ ਮਿਲਣ ਦੀ ਕੋਈ ਪਹਿਲੀ ਘਟਨਾ ਨਹੀਂ ਹੈ ਇਹ ਇਸ ਇਲਾਕੇ ਵਿੱਚ ਹੋਣ ਵਾਲੀ ਤੀਜੀ ਘਟਨਾ ਹੈ। 10 ਦਿਨ ਪਹਿਲਾਂ ਵੀ ਪਿੰਡ ਉਸਮਾਨ ਖੇੜਾ ਵਿੱਚ ਹੀ ਖੇਤਾਂ ਵਿੱਚ ਕੰਮ ਕਰ ਰਹੇ ਨੌਜਵਾਨ ਨੂੰ ਬੰਬ ਵਰਗੀ ਚੀਜ਼ ਵਿਖਾਈ ਦਿੱਤੀ ਸੀ। ਜਿਸ ਨੂੰ ਪੁਲਿਸ ਤੇ ਫੌਜ ਨੇ ਨਸ਼ਟ ਕਰ ਦਿੱਤਾ ਸੀ। ਹੁਣ ਬੀਤੇ ਦਿਨ ਵੀ ਕਿਸਾਨ ਗੁਰਚਰਣ ਸਿੰਘ ਦੇ ਖੇਤਾਂ 'ਚ ਕੋਈ ਬੰਬ ਨੁਮਾ ਪਦਾਰਥ ਮਿਲਿਆ ਸੀ। ਜਿਸਦੀ ਸੂਚਨਾ ਪਿੰਡ ਵਾਲਿਆਂ ਨੇ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਤੇ ਫੌਜ ਨੇ ਇਸ ਨੂੰ ਦੂਰ ਖੇਤਾਂ 'ਚ ਲੈ ਕੇ ਜਾਕੇ ਨਸ਼ਟ ਕਰ ਦਿੱਤਾ ਹੈ। ਪਰ ਇਸ ਵਿਸ਼ੇ 'ਤੇ ਪੁਲਿਸ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਅਤੇ ਨਾ ਹੀ ਅੱਜ ਤੱਕ ਅਜਿਹੇ ਕਿਸੇ ਮਾਮਲੇ 'ਤੇ ਕੋਈ ਐਫਆਈਆਰ ਦਰਜ ਕੀਤੀ ਹੈ। ਇਹ ਬੰਬ ਕਿੱਥੋਂ ਆ ਰਹੇ ਹਨ ਤੇ ਕੌਣ ਸੁੱਟ ਰਿਹਾ ਹੈ। ਪੁਲਿਸ ਕਿਸੇ ਵੀ ਘਟਨਾ ਦੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ।
ਪਿੰਡ ਦੇ ਪੰਚਾਇਤ ਮੈਂਬਰ ਮਨਦੀਪ ਸਿੰਘ ਕਹਿਣਾ ਹੈ ਕਿ ਹੁਣ ਸਾਡੀ ਫਸਲ ਪੱਕ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਖੇਤਾਂ ਵਿੱਚ ਟਰੈਕਟਰ ਅਤੇ ਕੰਬਾਈਨ ਚਲਾਈ ਜਾਵੇਗੀ ਤਾਂ ਜੇਕਰ ਕਿਸੇ ਕਿਸਾਨ ਨਾਲ ਆਉਣ ਵਾਲੇ ਦਿਨਾਂ ਵਿੱਚ ਕੋਈ ਘਟਨਾ ਹੋ ਜਾਂਦੀ ਹੈ, ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਦਹਿਸ਼ਤ ਭਰੀ ਜਿੰਦਗੀ ਜਿਉਂ ਰਹੇ ਹਾਂ। ਇਸ ਮਾਮਲੇ ਸਬੰਧੀ ਜਦੋਂ ਫ਼ਾਜ਼ਿਲਕਾ ਦੇ ਐਸਐਸਪੀ ਦੀਪਕ ਹਿਲੋਰੀ ਨਾਲ ਗੱਲ ਕੀਤੀ ਗਈ ਤਾਂ ਉਹ ਬੋਲੇ ਅਸੀਂ ਕੁੱਝ ਨਹੀਂ ਦੱਸ ਸੱਕਦੇ ਇਹ ਡਿਫੈਂਸ ਦਾ ਮਾਮਲਾ ਹੈ।