ਫ਼ਾਜ਼ਿਲਕਾ: ਅਬੋਹਰ ਉਪਮੰਡਲ ਵਿੱਚ ਪੈਂਦੇ ਪਿੰਡ ਝੁਰੜ ਖੇੜਾ ਦੀ ਰਾਮਸਰਾ ਮਾਈਨਰ ਵਿੱਚ ਪਾੜ ਪੈਣ ਕਾਰਨ ਆਸ-ਪਾਸ ਦੇ ਖੇਤਾਂ ਵਿੱਚ ਸੈਂਕੜੇ ਏਕੜ ਫ਼ਸਲ ਹੋ ਤਬਾਹ ਹੋਣ ਦੀ ਸੂਚਨਾ ਹੈ। ਕਿਸਾਨਾਂ ਵੱਲੋਂ ਬੀਜੀ ਕਣਕ ਦੀ ਫ਼ਸਲ ਅਤੇ ਪਸ਼ੂਆਂ ਦਾ ਚਾਰਾ ਨਹਿਰ ਦੇ ਪਾਣੀ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ। ਪਾੜ ਦਾ ਪਤਾ ਲੱਗਣ 'ਤੇ ਕਿਸਾਨਾਂ ਨੇ ਤੁਰੰਤ ਪਿੰਡ ਵਾਸੀਆਂ ਦੀ ਮਦਦ ਨਾਲ ਆਪਣੇ ਪੱਧਰ 'ਤੇ ਮਿੱਟੀ ਦੇ ਗੱਟੇ ਭਰਕੇ ਅਤੇ ਮਿੱਟੀ ਦੀਆਂ ਟਰਾਲੀਆਂ ਨਾਲ ਪਾੜ ਨੂੰ ਪੂਰਨ ਵਿੱਚ ਲੱਗੇ ਹੋਏ ਸਨ। ਪਤਾ ਲੱਗਣ 'ਤੇ ਨਹਿਰੀ ਵਿਭਾਗ ਦੇ ਐਸਡੀਓ ਵੀ ਪਾੜ ਵਾਲੀ ਥਾਂ 'ਤੇ ਪੁੱਜ ਗਏ ਸਨ।
ਮੌਕੇ 'ਤੇ ਪਾੜ ਪੂਰ ਰਹੇ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰਾਮਸਰਾ ਮਾਈਨਰ ਦੀ ਹਾਲਤ ਬਹੁਤ ਖ਼ਸਤਾ ਹੈ ਅਤੇ ਸਾਲ ਭਰ ਵਿੱਚ ਤੀਜੀ ਵਾਰ ਟੁੱਟ ਚੁੱਕੀ ਹੈ ਪਰ ਨਹਿਰੀ ਵਿਭਾਗ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕਿਸਾਨਾਂ ਨੇ ਕਿਹਾ ਕਿ ਇਸ ਮਾਈਨਰ ਦਾ ਪ੍ਰਾਜੈਕਟ ਵਿਧਾਨ ਸਭਾ ਵਿੱਚ ਵੀ ਪਾਸ ਹੋ ਚੁੱਕਾ ਹੈ ਅਤੇ ਉਹ ਵੀ ਕਈ ਵਾਰੀ ਮੁਰੰਮਤ ਕਰਵਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਕੋਲ ਗੁਹਾਰ ਲਗਾ ਚੁੱਕੇ ਹਨ ਪਰੰਤੂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਅਤੇ ਹਰ ਸਾਲ ਕਿਸਾਨਾਂ ਦਾ ਵੱਡੀ ਪੱਧਰ 'ਤੇ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਮਾਈਨਰ ਦੀ ਖਸਤਾ ਹਾਲਤ ਕਾਰਨ ਹੀ ਅੱਜ ਪਾਣੀ ਦੇ ਤੇਜ਼ ਵਹਾਅ ਕਾਰਨ ਪਾੜ ਪਿਆ ਹੈ, ਜਿਸ ਕਾਰਨ ਆਸ-ਪਾਸ ਦੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ। ਇਸਦੇ ਨਾਲ ਹੀ ਜਿਨ੍ਹਾਂ ਕਿਸਾਨਾਂ ਨੇ ਹੁਣ ਆਪਣੀ ਫ਼ਸਲ ਬੀਜਣੀ ਸੀ, ਉਹ ਵੀ ਮਹੀਨਾ ਲੇਟ ਹੋ ਜਾਣਗੇ।
ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਦੇਵੇ ਅਤੇ ਛੇਤੀ ਤੋਂ ਛੇਤੀ ਮਾਈਨਰ ਦਾ ਪ੍ਰਾਜੈਕਟ ਸ਼ੁਰੂ ਕਰਵਾ ਕੇ ਇਸ ਮੁਸੀਬਤ ਵਿੱਚੋਂ ਕੱਢਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪਾੜ ਪੈਣ ਕਾਰਨ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਡੁੱਬੀ ਹੈ ਉਨ੍ਹਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ।
ਉਧਰ, ਮੌਕੇ 'ਤੇ ਪੁੱਜੇ ਨਹਿਰੀ ਵਿਭਾਗ ਦੇ ਐਸਡੀਓ ਵਿਨੋਦ ਕੁਮਾਰ ਨੇ ਦੱਸਿਆ ਕਿ ਰਾਮਸਰਾ ਮਾਈਨਰ ਵਿੱਚ ਕਰੀਬ 70 ਫੁੱਟ ਦਾ ਪਾੜ ਆਇਆ ਹੈ। ਪਿੱਛੇ ਤੋਂ ਮੋਘੇ ਬੰਦ ਹੋਣ ਕਾਰਨ ਪਾਣੀ ਦੇ ਓਵਰਫਲੋ ਹੋਣ 'ਤੇ ਇਹ ਨਹਿਰ ਟੁੱਟੀ ਹੈ। ਵਿਭਾਗ ਨੇ ਬੰਨ੍ਹ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਪਾੜ ਨੂੰ ਭਰ ਦਿੱਤਾ ਜਾਵੇਗਾ।