ਫਾਜ਼ਿਲਕਾ :ਜਲਾਲਾਬਾਦ ਨੇੜੇ ਸਥਿਤ ਪਿੰਡ ਕਮਰੇ ਵਾਲਾ ਵਿਖੇ ਪੁਲਿਸ ਨੇ ਨਕਲੀ ਸ਼ਰਾਬ ਬਣਾਉਣ ਵਾਲੇ ਸ਼ਰਾਬ ਤਸਕਰਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਪਿੰਡ ਦੇ ਇੱਕ ਘਰ ਦੇ ਬੇਸਮੈਂਟ ਵਿੱਚ ਨਜਾਇਜ਼ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ।
ਜਲਾਲਾਬਾਦ ਪੁਲਿਸ ਨੂੰ ਸ਼ਹਿਰ ਦੇ ਸ਼ਰਾਬ ਠੇਕੇਦਾਰਾਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਪਿੰਡ ਦੇ ਇੱਕ ਘਰ 'ਚ ਰਣਜੀਤ ਸਿੰਘ ਨਾਂਅ ਵਿਅਕਤੀ ਨਜਾਇਜ਼ ਸ਼ਰਾਬ ਤਿਆਰ ਕਰਦਾ ਹੈ।
ਇਸ ਬਾਰੇ ਦੱਸਦੇ ਹੋਏ ਸ਼ਰਾਬ ਠੇਕੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਤਸਕਰਾਂ ਨੇ ਇੱਕ ਘਰ ਦੇ ਬੇਸਮੈਂਟ ਵਿੱਚ ਨਜਾਇਜ਼ ਸ਼ਰਾਬ ਤਿਆਰ ਕਰਦੇ ਸਨ, ਇਥੇ ਉਨ੍ਹਾਂ ਨੇ ਲਾਈਟਾ, ਹਵਾ ਅਤੇ ਪੂਰੀ ਤਰ੍ਹਾਂ ਸ਼ਰਾਬ ਨੂੰ ਸਟੋਰ ਕਰਨ ਲਈ ਹਰ ਪ੍ਰਬੰਧ ਕੀਤਾ ਹੋਇਆ ਸੀ। ਪਰਮਜੀਤ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਸੀ ਇਸ ਦੌਰਾਨ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਗੈਰ ਕਾਨੂੰਨੀ ਤੌਰ 'ਤੇ ਸ਼ਰਾਬ ਵੇਚਦੇ ਸਨ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਥਾਣਾ ਸਿੱਟੀ ਜਲਾਲਾਬਾਦ ਦੇ ਐਸਐਚਓ ਅਮਰਿੰਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕਮਰੇ ਵਾਲਾ ਵਿਖੇ ਇੱਕ ਸ਼ਰਾਬ ਤਸਕਰ ਆਪਣੇ ਘਰ 'ਚ ਸ਼ਰਾਬ ਦੀ ਫੈਕਟਰੀ ਚਲਾ ਰਿਹਾ ਸੀ। ਇਸ ਬਾਰੇ ਉਨ੍ਹਾਂ ਨੂੰ ਸ਼ਹਿਰ ਦੇ ਸ਼ਰਾਬ ਠੇਕੇਦਾਰਾਂ ਵੱਲੋਂ ਵੀ ਸ਼ਿਕਾਇਤ ਮਿਲੀ ਸੀ। ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਇਥੋਂ 1200 ਲੀਟਰ ਦੇਸੀ ਸ਼ਰਾਬ, ਸ਼ਰਾਬ ਤਿਆਰ ਕਰਨ ਲਈ ਇਸਤੇਮਾਲ ਹੋਣ ਵਾਲੀਆਂ 7 ਭੱਠੀਆਂ , 7 ਡਰਮ ਅਤੇ ਦੁੱਧ ਵੇਚਣ ਵਾਲੇ ਡਰਮ ਬਰਾਮਦ ਕੀਤੇ ਹਨ। ਰੇਡ ਦੇ ਦੌਰਾਨ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਐਚਓ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਮੁਲਜ਼ਮ ਦੁੱਧ ਦੇ ਡਰਮਾਂ 'ਚ ਸ਼ਰਾਬ ਭਰ ਕੇ ਵੇਚਦੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਉਨ੍ਹਾਂ ਇਸ ਮਾਮਲੇ 'ਚ ਸ਼ਾਮਲ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਤੇ ਵੱਡੇ ਖੁਲਾਸੇ ਹੋਣ ਦੀ ਉਮੀਂਦ ਪ੍ਰਗਟਾਈ ਹੈ।