ਫ਼ਾਜ਼ਿਲਕਾ: ਨਾਲ ਲੱਗਦੇ ਪਿੰਡ ਖੁਈ ਖੇੜਾ ਵਿੱਚ ਅਸਪਾਲ ਡਰੇਨ ਟੁੱਟਣ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋਣ ਦੇ ਰੋਸ ਵੱਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਫ਼ਾਜ਼ਿਲਕਾ-ਅਬੋਹਰ ਰੋਡ 'ਤੇ ਧਰਨਾ ਲਾ ਕੇ ਜਾਮ ਲਗਾ ਦਿੱਤਾ। ਰੋਡ ਜਾਮ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਕਿਸਾਨਾਂ ਨੂੰ ਭਰੋਸਾ ਦੇ ਕੇ ਧਰਨਾ ਚੁਕਵਾਇਆ।
ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਦੋ ਦਿਨ ਪਹਿਲਾਂ ਟੁੱਟੀ ਅਸਪਾਲ ਡਰੇਨ ਨਾਲ ਕਿਸਾਨਾਂ ਦੀਆਂ ਹਜ਼ਾਰਾਂ ਫ਼ਸਲਾਂ ਤਬਾਹ ਹੋ ਗਈਆਂ ਹਨ, ਜਿਸ ਲਈ ਡਰੇਨੇਜ਼ ਮਹਿਕਮਾ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਨੂੰ ਮਹੀਨਾ ਪਹਿਲਾਂ ਡਰੇਨ ਦੀ ਘਟੀਆ ਸਥਿਤੀ ਤੋਂ ਜਾਣੂੰ ਕਰਵਾਇਆ ਸੀ ਪਰੰਤੂ ਵਿਭਾਗ ਦੇ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਦੂਜੀ ਵਾਰ ਹੈ ਕਿ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ। ਇਸਦੇ ਰੋਸ ਵੱਜੋ ਹੀ ਅਸੀਂ ਫਾਜਿਲਕਾ-ਅਬੋਹਰ ਰੋਡ ਉੱਤੇ ਧਰਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਹ ਮੁਆਵਜ਼ਾ ਇਸ ਲਈ ਜ਼ਿੰਮੇਵਾਰ ਵਿਭਾਗ ਦੇ ਅਧਿਕਾਰੀਆਂ ਕੋਲੋਂ ਵਸੂਲਿਆ ਜਾਵੇ।
ਇਸ ਮੌਕੇ ਇੱਕ ਕਿਸਾਨ ਨੇ ਕਿਹਾ ਕਿ ਡਰੇਨ ਟੁੱਟਣ ਨਾਲ ਭਾਵੇਂ ਕਿਸਾਨਾਂ ਦੀ ਦੋ ਹਜ਼ਾਰ ਏਕੜ ਫਸਲ ਤਬਾਹ ਹੋ ਗਈ ਹੈ ਪਰ ਦੋ ਦਿਨ ਹੋ ਜਾਣ ਦੇ ਬਾਵਜੂਦ ਡਰੇਨੇਜ ਵਿਭਾਗ ਜਾਂ ਕਿਸੇ ਹੋਰ ਉਚ ਅਧਿਕਾਰੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ ਹੈ।
ਧਰਨੇ ਦਾ ਪਤਾ ਲੱਗਣ 'ਤੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁੱਜ ਗਏ। ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਤੋਂ ਮੰਗ ਪੱਤਰ ਲੈ ਕੇ ਇਸ ਮਸਲੇ ਦੇ ਹੱਲ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਡੀਸੀ ਤੱਕ ਪਹੁੰਚਾਉਣਗੇ। ਇਸ ਉਪਰੰਤ ਕਿਸਾਨਾਂ ਨੇ ਧਰਨਾ ਚੁਕਿਆ ਅਤੇ ਆਵਾਜਾਈ ਨੂੰ ਬਹਾਲ ਕੀਤਾ।