ਫ਼ਾਜ਼ਿਲਕਾ: ਇਥੋਂ ਦੇ ਵੇਰਕਾ ਪਲਾਂਟ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰੰਟ ਦੁੱਧ ਦੀ ਮੋਟਰ ਚਲਾਉਣ ਸਮੇਂ ਦੌਰਾਨ ਲੱਗਿਆ। ਲਾਭ ਸਿੰਘ ਜ਼ਿਲ੍ਹੇ ਦੇ ਪਿੰਡ ਘੱਲੂ ਵਿੱਚ ਸਥਿਤ ਪਲਾਂਟ 'ਚ ਕੰਮ ਕਰਦਾ ਸੀ, ਜੋ ਪਿੰਡ ਸ਼ੇਖੁਪੁਰਾ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਅਰੰਭ ਦਿੱਤੀ ਹੈ।
ਮ੍ਰਿਤਕ ਲਾਭ ਸਿੰਘ ਦੇ ਭਰਾ ਮੱਖਣ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਪਿਛਲੇ 25 ਸਾਲਾਂ ਤੋਂ ਪਿੰਡ ਘੱਲੂ ਵਿਖੇ ਵੇਰਕਾ ਪਲਾਂਟ ਵਿੱਚ ਕੰਮ ਕਰ ਰਿਹਾ ਸੀ। ਮੰਗਲਵਾਰ ਨੂੰ ਸਵੇਰੇ ਜਦੋਂ ਪਲਾਂਟ ਵਿੱਚ ਉਹ ਮੋਟਰ ਚਲਾਉਣ ਗਿਆ ਤਾਂ ਅਚਾਨਕ ਕਰੰਟ ਲੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਸਾਥੀ ਮੁਲਾਜ਼ਮਾਂ ਨੇ ਉਸ ਨੂੰ ਤੁਰੰਤ ਅਬੋਹਰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਰਿਸ਼ਤੇਦਾਰ ਜੁਝਾਰ ਸਿੰਘ ਨੇ ਦੱਸਿਆ ਕਿ ਲਾਭ ਸਿੰਘ ਦੀ ਮੌਤ ਬਾਰੇ ਉਨ੍ਹਾਂ ਨੂੰ ਸਵੇਰੇ ਫੋਨ 'ਤੇ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਲਾਭ ਸਿੰਘ ਦੁੱਧ ਦੀ ਮੋਟਰ ਚਲਾਉਣ ਗਿਆ ਸੀ ਕਿ ਅਚਾਨਕ ਕਰੰਟ ਲੱਗ ਗਿਆ।
ਥਾਣਾ ਸਦਰ ਦੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੇਰਕਾ ਪਲਾਂਟ ਵਿੱਚ ਲਾਭ ਸਿੰਘ ਨਾਂਅ ਦੇ ਵਿਅਕਤੀ ਨੂੰ ਮੋਟਰ ਚਲਾਉਂਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਬਾਰੇ ਸੂਚਨਾ ਮਿਲੀ ਸੀ, ਜਿਸ 'ਤੇ ਉਹ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਅਰੰਭ ਦਿੱਤੀ ਹੈ। ਉਪਰੰਤ ਲਾਸ਼ ਨੂੰ ਵਾਰਸਾਂ ਹਵਾਲੇ ਸੌਂਪ ਦਿੱਤਾ ਜਾਵੇਗਾ।