ਫਾਜ਼ਿਲਕਾ: ਜ਼ਿਲ੍ਹਾ ਸਰਹੱਦ ਦੀ ਆਖਰੀ ਨੁੱਕਰ ਉੱਤੇ ਵੱਸੇ ਪਿੰਡ ਸਿਵਾਨਾ ਵਿੱਚ ਬੀਐਸਐਫ ਨੇ ਸਿਵਿਕ ਐਕਸ਼ਨ ਪਲਾਨ ਤਹਿਤ ਸਕੂਲ ਨੂੰ ਗੋਦ ਲੈ ਕੇ ਉਥੋਂ ਦੇ ਬੱਚਿਆਂ ਦੀ ਭਲਾਈ ਲਈ ਕੰਮ ਸ਼ੁਰੂ ਕੀਤਾ ਹੈ। ਇਸ ਵਿੱਚ ਬੱਚਿਆਂ ਨੂੰ ਬੈਠਣ ਲਈ ਡੇਸਕ, ਸਟੇਸ਼ਨਰੀ ਅਤੇ ਲੜਕੀਆਂ ਨੂੰ ਸਕੂਲ ਆਉਣ ਜਾਣ ਲਈ ਸਾਈਕਲ ਵੰਡੇ ਗਏ। ਇਸ ਪ੍ਰੋਗਰਾਮ ਵਿੱਚ ਬੀਐਸਐਫ ਦੇ ਡੀਆਈਜੀ ਟੀਆਰ ਮੀਨਾ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਡੀਆਈਜੀ ਟੀਆਰ ਮੀਨਾ ਨੇ ਦੱਸਿਆ ਕਿ ਬੀਐਸਐਫ਼ ਦੀ 181 ਬਟਾਲੀਅਨ ਨੇ ਸਰਹੱਦ ਉੱਤੇ ਵੱਸੇ ਪਿੰਡ ਸਿਵਾਨਾ ਦੇ ਸਕੂਲ ਨੂੰ ਗੋਦ ਲਿਆ ਹੈ ਜਿਸ ਦੇ ਚੱਲਦਿਆ ਉਨ੍ਹਾਂ ਨੇ ਜ਼ਰੂਰਤਮੰਦ ਲੜਕੀਆਂ ਨੂੰ ਸਾਈਕਲ ਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਡੇਸਕ ਦਿੱਤੇ ਹਨ। ਸਕੂਲ ਵਿੱਚ ਬਾਥਰੂਮ ਦੀ ਉਸਾਰੀ ਦਾ ਅਧੂਰਾ ਪਿਆ ਕੰਮ ਵੀ ਪੂਰਾ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਕੰਮ ਉਨ੍ਹਾਂ ਦੇ ਸਰਹੱਦ ਦੇ ਹੋਰ ਵੀ ਪਿੰਡਾਂ ਵਿੱਚ ਕੀਤੇ ਜਾ ਰਹੇ ਹਨ।
ਉਥੇ ਹੀ ਇਸ ਮੌਕੇ ਸਕੂਲ ਦੇ ਅਧਿਆਪਕ ਪ੍ਰਵੀਣ ਕੁਮਾਰ ਨੇ ਦੱਸਿਆ ਕਿ ਬੀਐਸਐਫ ਦੀ 181 ਬਟਾਲੀਅਨ ਨੇ ਉਨ੍ਹਾਂ ਦੇ ਸਕੂਲ ਨੂੰ ਗੋਦ ਲਿਆ ਹੈ ਜਿਸ ਤਹਿਤ ਸਕੂਲ ਨਾਲ ਕਾਫ਼ੀ ਸਹਿਯੋਗ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਕੂਲ ਦੀ ਚਾਰ ਦਿਵਾਰੀ ਬਣਵਾਉਣ ਲਈ ਆਪਣੇ ਵਿਭਾਗ ਕੋਲੋਂ ਕਾਫ਼ੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ, ਕਿਉਂਕਿ ਅਵਾਰਾ ਪਸ਼ੂ ਅਤੇ ਜੰਗਲੀ ਜੀਵਾਂ ਕਾਰਨ ਉਨ੍ਹਾਂ ਦੇ ਸਕੂਲ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਸੀ, ਪਰ ਉਧਰੋਂ ਕੋਈ ਕਾਰਵਾਈ ਨਹੀਂ ਹੋਈ, ਪਰ ਹੁਣ ਬੀਐਸਐਫ਼ ਸਕੂਲ ਦੀ ਚਾਰ ਦੀਵਾਰੀ ਦਾ ਕੰਮ ਵੀ ਕਰਵਾਉਣ ਜਾ ਰਹੀ ਹੈ।
ਉਥੇ ਹੀ, ਇਸ ਪ੍ਰੋਗਰਾਮ ਦੇ ਤਹਿਤ ਬੀਐਸਐਫ ਵਲੋਂ ਇੱਕ ਮੈਡੀਕਲ ਕੈਂਪ ਦਾ ਵੀ ਅਯੋਜਨ ਕੀਤਾ ਗਿਆ ਜਿਸ ਵਿੱਚ ਮਾਹਰ ਡਾਕਟਰਾਂ ਵਲੋਂ ਲੋਕਾਂ ਦੀ ਸਿਹਤ ਦੀ ਜਾਂਚ ਕਰ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ। ਇਸ ਬਾਰੇ ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੀਐਸਐਫ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ, ਕਿਉਂਕਿ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਜ਼ਰੂਰਤ ਦੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਹਨ, ਉਥੇ ਹੀ ਲੋਕਾਂ ਦੀ ਸਿਹਤ ਦਾ ਖਿਆਲ ਵੀ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: 'ਕਮਲ ਨਾਥ ਨੂੰ ਸਿਰਸਾ ਦਾ ਖੁੱਲ੍ਹਾ ਚੈਲੇਂਜ, ਕਾਲਰੋਂ ਫੜ ਕੇ ਸਟੇਜ ਤੋਂ ਉਤਾਰਨ ਦੀ ਦਿੱਤੀ ਧਮਕੀ'